Farmers Protest: ਬੀਜੇਪੀ ਲੀਡਰਾਂ ਦੀ ਬਿਆਨਬਾਜ਼ੀ ਨੇ ਪਾਇਆ ਬਲਦੀ 'ਤੇ ਤੇਲ! ਕਿਸਾਨਾਂ ਵੱਲੋਂ ਸਿੱਧਾ ਪੀਐਮ ਮੋਦੀ ਨਾਲ ਟੱਕਰਣ ਦਾ ਐਲਾਨ
ਕਿਸਾਨ ਜਥੇਬੰਦੀਆਂ ਤੇ ਬੀਜੇਪੀ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਕੁਝ ਬੀਜੇਪੀ ਉਮੀਦਵਾਰਾਂ ਵੱਲੋਂ ਕਿਸਾਨਾਂ ਖਿਲਾਫ ਕੀਤੀ ਤਿੱਖੀ ਬਿਆਨਬਾਜ਼ੀ ਨੇ ਬਲਦੀ ਉਪਰ ਤੇਲ ਦਾ ਕੰਮ ਕੀਤਾ ਹੈ।
Farmers Protest: ਕਿਸਾਨ ਜਥੇਬੰਦੀਆਂ ਤੇ ਬੀਜੇਪੀ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਕੁਝ ਬੀਜੇਪੀ ਉਮੀਦਵਾਰਾਂ ਵੱਲੋਂ ਕਿਸਾਨਾਂ ਖਿਲਾਫ ਕੀਤੀ ਤਿੱਖੀ ਬਿਆਨਬਾਜ਼ੀ ਨੇ ਬਲਦੀ ਉਪਰ ਤੇਲ ਦਾ ਕੰਮ ਕੀਤਾ ਹੈ। ਭੜਕੇ ਕਿਸਾਨਾਂ ਨੇ ਹੁਣ ਪੰਜਾਬ ਦੌਰੇ ਉਪਰ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਘੇਰਨ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਕਿਸਾਨ ਜਥੇਬੰਦੀਆਂ ਵੱਲੋਂ ਖਾਸ ਰਣਨੀਤੀ ਘੜੀ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਕਿਸਾਨ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ 23 ਮਈ ਨੂੰ ਪਟਿਆਲਾ ਵਿੱਚ ਰੈਲੀ ਲਈ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਬਜ਼ਿੱਦ ਹਨ। ਇਸ ਦੀ ਤਿਆਰੀ ਸਬੰਧੀ ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪਟਿਆਲਾ ਜ਼ਿਲ੍ਹੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਖਿਲਾਫ਼ ਜਮਹੂਰੀ ਢੰਗ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਹਾਲਾਂਕਿ, ਇਸ ਦੌਰਾਨ ਐਸਪੀ ਸਿਟੀ ਸਰਫ਼ਰਾਜ਼ ਆਲਮ ਸਮੇਤ ਕੁਝ ਹੋਰ ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸਾਨ ਆਪਣੇ ਫੈਸਲੇ ਉਪਰ ਅੜੇ ਰਹੇ।
ਦਰਅਸਲ ਕਿਸਾਨਾਂ ਨੇ ਬੇਸ਼ੱਕ ਕਰੀਬ ਮਹੀਨੇ ਬਾਅਦ ਸ਼ੰਭੂ ਦਾ ਰੇਲਵੇ ਟ੍ਰੈਕ ਖਾਲੀ ਕਰ ਦਿੱਤਾ ਹੈ ਪਰ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਅੰਦੋਲਨ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਜਾਰੀ ਰਹੇਗਾ। ਰੇਲ ਪਟੜੀ ਤੋਂ ਹਟਣ ਦੇ ਐਲਾਨ ਤੋਂ ਬਾਅਦ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਘਿਰਾਓ ਕੀਤਾ ਜਾਵੇਗਾ। ਉਸ ਤੋਂ ਸਿੱਧੇ ਸਵਾਲ ਪੁੱਛੇ ਜਾਣਗੇ।
ਕਿਸਾਨਾਂ ਵੱਲੋਂ ਪੀਐਮ ਮੋਦੀ ਤੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਲਿਖਤੀ ਵਾਅਦਾ ਕਰਨ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਿਉਂ ਨਹੀਂ ਕੀਤਾ। ਕਿਸਾਨਾਂ ਨੂੰ ਝੂਠ ਬੋਲ ਕੇ ਕਿਉਂ ਠੱਗਿਆ ਗਿਆ? ਜੇਕਰ ਜਵਾਬ ਨਾ ਦਿੱਤਾ ਤਾਂ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦੋ ਦਿਨ ਪੰਜਾਬ 'ਚ ਰਹਿਣਗੇ। 23 ਮਈ ਨੂੰ ਉਹ ਪਟਿਆਲਾ ਵਿੱਚ ਪ੍ਰਨੀਤ ਕੌਰ ਤੇ 24 ਮਈ ਨੂੰ ਗੁਰਦਾਸਪੁਰ ਤੇ ਜਲੰਧਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਵੀ ਅਲਰਟ 'ਤੇ ਹੈ। ਮੋਦੀ ਦੀ ਸੁਰੱਖਿਆ ਲਈ NSG ਕਮਾਂਡੋਆਂ ਦੇ ਨਾਲ ਗੁਜਰਾਤ ਪੁਲਿਸ ਦੀਆਂ 7 ਕੰਪਨੀਆਂ ਪੰਜਾਬ ਪਹੁੰਚ ਗਈਆਂ ਹਨ।
ਇਸ ਵਾਰ ਸੁਰੱਖਿਆ ਏਜੰਸੀਆਂ ਮੋਦੀ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਦੀ ਕੋਈ ਗੁੰਜਾਇਸ਼ ਨਹੀਂ ਛੱਡਣਾ ਚਾਹੁੰਦੀਆਂ। ਇਸ ਲਈ ਠੋਸ ਪ੍ਰਬੰਧ ਕੀਤੇ ਗਏ ਹਨ। ਪੰਜਾਬ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੀ ਖੁਫ਼ੀਆ ਏਜੰਸੀ ਤੇ ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਦੀ ਅਗਵਾਈ ਵਿੱਚ ਸੁਰੱਖਿਆ ਪ੍ਰਬੰਧਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।