Farmhouse Demolished: ਬੁਲਡੋਜ਼ਰ ਨਾਲ ਢਹਿ-ਢੇਰੀ ਕਰ ਦਿੱਤਾ ਪੰਜਾਬੀ ਕਾਰੋਬਾਰੀ ਦਾ 400 ਕਰੋੜ ਦਾ ਮਕਾਨ
ਇਸ ਕਾਰਨ ਡੀਡੀਏ ਦੇ ਅਧਿਕਾਰੀਆਂ ਵੱਲੋਂ ਕਬਜ਼ੇ ਹਟਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਡੀਡੀਏ ਨੇ ਸ਼ੁੱਕਰਵਾਰ ਤੋਂ ਹੀ ਇਸ ਫਾਰਮ ਹਾਊਸ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਤੇ ਇਹ ਸ਼ਨੀਵਾਰ ਨੂੰ ਵੀ ਜਾਰੀ ਰਿਹਾ।
Ponty Chadha Farmhouse: ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਸ਼ਨੀਵਾਰ ਨੂੰ ਛੱਤਰਪੁਰ ਸਥਿਤ ਮਰਹੂਮ ਪੰਜਾਬੀ ਕਾਰੋਬਾਰੀ ਪੌਂਟੀ ਚੱਢਾ ਦੇ ਫਾਰਮ ਹਾਊਸ 'ਤੇ ਬੁਲਡੋਜ਼ਰ ਚਲਾ ਦਿੱਤਾ। ਡੀਡੀਏ ਦੇ ਦਾਅਵਾ ਹੈ ਕਿ ਕਰੀਬ 10 ਏਕੜ 'ਚ ਫੈਲੇ ਇਸ ਫਾਰਮ ਹਾਊਸ ਦਾ ਵੱਡਾ ਹਿੱਸਾ ਸਰਕਾਰੀ ਜ਼ਮੀਨ 'ਤੇ ਬਣਿਆ ਹੋਇਆ ਹੈ। ਇਸ ਦੀ ਕੀਮਤ ਕਰੀਬ 400 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਆਪ੍ਰੇਸ਼ਨ ਦੌਰਾਨ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤਾਇਨਾਤ ਰਹੇ। ਇਸ ਫਾਰਮ ਹਾਊਸ ਨੂੰ ਢਾਹੁਣ ਦਾ ਕੰਮ ਅੱਜ ਐਤਵਾਰ ਨੂੰ ਵੀ ਜਾਰੀ ਰਹੇਗਾ। ਸੂਤਰਾਂ ਨੇ ਦੱਸਿਆ ਕਿ ਸਾਬਕਾ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਉਰਫ਼ ਗੁਰਦੀਪ ਸਿੰਘ ਦਾ ਫਾਰਮ ਹਾਊਸ ਦੱਖਣੀ ਦਿੱਲੀ ਦੇ ਛਤਰਪੁਰ ਵਿੱਚ ਕਰੀਬ 10 ਏਕੜ ਵਿੱਚ ਬਣਿਆ ਹੋਇਆ ਸੀ। ਇਸ ਦਾ ਵੱਡਾ ਹਿੱਸਾ ਸਰਕਾਰੀ ਜ਼ਮੀਨ ’ਤੇ ਕਬਜ਼ੇ ਕਰਕੇ ਉਸਾਰਿਆ ਗਿਆ ਹੈ।
ਇਸ ਕਾਰਨ ਡੀਡੀਏ ਦੇ ਅਧਿਕਾਰੀਆਂ ਵੱਲੋਂ ਕਬਜ਼ੇ ਹਟਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਡੀਡੀਏ ਨੇ ਸ਼ੁੱਕਰਵਾਰ ਤੋਂ ਹੀ ਇਸ ਫਾਰਮ ਹਾਊਸ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਤੇ ਇਹ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਇਸ ਫਾਰਮ ਹਾਊਸ ਤੋਂ ਪੰਜ ਏਕੜ ਵਿੱਚ ਹੋਏ ਕਬਜ਼ੇ ਹਟਾਏ ਜਾ ਚੁੱਕੇ ਹਨ। ਸ਼ਨੀਵਾਰ ਨੂੰ ਚੱਲ ਰਹੀ ਕਾਰਵਾਈ ਦੌਰਾਨ ਲੋਕਾਂ ਦੀ ਵੱਡੀ ਭੀੜ ਮੌਜੂਦ ਸੀ।
ਡੀਡੀਏ ਮੁਤਾਬਕ ਸ਼ਨੀਵਾਰ ਨੂੰ ਹਨੇਰਾ ਹੋਣ ਤੋਂ ਬਾਅਦ ਇਹ ਕਾਰਵਾਈ ਰੋਕ ਦਿੱਤੀ ਗਈ ਸੀ ਪਰ ਐਤਵਾਰ ਨੂੰ ਨਾਜਾਇਜ਼ ਉਸਾਰੀਆਂ ਨੂੰ ਢਾਹ ਕੇ ਸਰਕਾਰੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇਗਾ। ਪੌਂਟੀ ਚੱਢਾ ਤੇ ਉਸ ਦੇ ਭਰਾ ਹਰਦੀਪ ਦੀ ਨਵੰਬਰ 2012 ਵਿੱਚ ਇਸੇ ਫਾਰਮ ਹਾਊਸ ਵਿੱਚ ਗੋਲੀਬਾਰੀ ਵਿਚ ਮੌਤ ਹੋ ਗਈ ਸੀ। ਜਾਇਦਾਦ ਦੇ ਝਗੜੇ ਕਾਰਨ ਦੋਵਾਂ ਭਰਾਵਾਂ ਨੇ ਇੱਕ-ਦੂਜੇ 'ਤੇ ਗੋਲੀਆਂ ਚਲਾਈਆਂ ਸਨ।