Punjab News: ਵੱਧ ਪੈਸੇ ਕਮਾਉਣ ਦੀ ਇੱਛਾ 'ਚ ਫਗਵਾੜਾ ਦੇ ਇੰਜੀਨੀਅਰ ਨੇ ਗਵਾ ਲਏ 16.28 ਲੱਖ, ਹੁਣ ਮੱਥੇ 'ਤੇ ਹੱਥ ਮਾਰ-ਮਾਰ ਕਹਿ ਰਿਹਾ 'ਲਾਲਚ ਬੁਰੀ ਬਲਾ'
ਫਗਵਾੜਾ ਸ਼ਹਿਰ ਦੇ ਇਕ ਇੰਜੀਨੀਅਰ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਿਆ। ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਇਸ ਇੰਜੀਨੀਅਰ ਲੱਖਾਂ ਰੁਪਏ ਗੁਆ ਲਏ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ?

Punjab News: ਕਹਾਵਤ ਹੈ ਕਿ "ਲਾਲਚ ਬੁਰੀ ਬਲਾ ਹੈ", ਅਤੇ ਇਸੀ ਬਲਾ ਦੇ ਚੱਕਰ 'ਚ ਪੰਜਾਬ ਦੇ ਫਗਵਾੜਾ ਸ਼ਹਿਰ ਦੇ ਇਕ ਇੰਜੀਨੀਅਰ ਨੇ 16.28 ਲੱਖ ਰੁਪਏ ਗਵਾ ਦਿੱਤੇ। ਇਹ ਇੰਜੀਨੀਅਰ ਪਾਰਟ ਟਾਈਮ ਜੌਬ 'ਚ ਆਸਾਨ ਪੈਸਾ ਕਮਾਣ ਦੇ ਹਨੀ-ਟ੍ਰੈਪ ਵਿੱਚ ਇੰਨਾ ਫਸਿਆ ਕਿ ਉਹਨਾਂ ਨੇ ਕਈ ਲੱਖ ਰੁਪਏ ਠੱਗਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ।
ਹੋਰ ਪੜ੍ਹੋ : ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਟਰੰਪ ਦਾ ਖਤਰਨਾਕ ਐਕਸ਼ਨ! ਚਾਰ-ਚੁਫੇਰੇ ਮੱਚੀ ਹਾਹਾਕਾਰ
ਕਿਵੇਂ ਹੋਈ ਠੱਗੀ?
ਫਗਵਾੜਾ ਦੇ ਮੈਨ ਗੇਟ ਬੇਦੀਆਂ ਮੁਹੱਲਾ ਵਾਸੀ ਸਾਹਿਲ, ਜੋ ਕਿ ਮੋਨੀ ਐਸੋਸੀਏਟਸ 'ਚ ਇੰਜੀਨੀਅਰ ਵਜੋਂ ਕੰਮ ਕਰਦਾ ਹੈ, ਉਸ ਨੇ ਸ਼ਿਕਾਇਤ ਵਿੱਚ ਦੱਸਿਆ ਕਿ 18 ਮਾਰਚ 2023 ਨੂੰ ਉਸ ਦੇ ਮੋਬਾਈਲ 'ਤੇ "ਪਾਰਟ ਟਾਈਮ ਜੌਬ ਨਾਲ ਆਸਾਨ ਪੈਸਾ ਕਮਾਉ" ਵਾਲਾ ਇੱਕ ਮੈਸੇਜ ਆਇਆ। ਜਦ ਉਹ ਇਸ ਬਾਰੇ ਜਾਣਕਾਰੀ ਲੈਣ ਲਈ ਸੰਪਰਕ ਕਰਨ ਲੱਗਾ ਤਾਂ ਉਸ ਨੂੰ ਇੱਕ ਹੋਰ ਨੰਬਰ ਤੋਂ ਕਾਲ ਆਈ।
ਕੰਪਨੀ ਦਾ ਝਾਂਸਾ
ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ "ਪੀਪਲ ਟਰੀ ਸਰਵਿਸੇਜ਼" ਨਾਂ ਦੀ ਕੰਪਨੀ ਦਾ ਉਚ ਅਹੁਦਾਦਾਰ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਜੇਕਰ ਉਹ ਟੈਲੀਗ੍ਰਾਮ 'ਤੇ ਦਿੱਤੇ ਹੋਏ ਟਾਸਕ ਪੂਰੇ ਕਰੇਗਾ ਤਾਂ ਉਹ ਦਿਨੋ-ਦਿਨ ਲਾਭ ਕਮਾ ਸਕਦਾ ਹੈ। ਵਿਅਕਤੀ ਨੇ ਉਨ੍ਹਾਂ ਦੀ ਟੈਲੀਗ੍ਰਾਮ ਲਿੰਕ ਜੁਆਇਨ ਕੀਤੀ, ਜਿਸ ਤੋਂ ਬਾਅਦ ਉਸ ਨੂੰ ਵੱਖ-ਵੱਖ ਟਾਸਕ ਦਿੱਤੇ ਗਏ।
16.28 ਲੱਖ ਦੀ ਗੁਆਚ
ਇੰਜੀਨੀਅਰ ਨੇ ਉਨ੍ਹਾਂ ਟਾਸਕਾਂ ਨੂੰ ਪੂਰਾ ਕਰਦੇ ਹੋਏ ਵੱਖ-ਵੱਖ ਖਾਤਿਆਂ ਵਿੱਚ 16,28,980 ਰੁਪਏ ਟਰਾਂਸਫਰ ਕਰ ਦਿੱਤੇ। ਜਦ ਉਸ ਨੇ ਪੈਸੇ ਵਾਪਸ ਮੰਗੇ, ਤਾਂ ਠੱਗ ਨੇ ਹੋਰ ਟਾਸਕ ਪੂਰੇ ਕਰਨ ਦੀ ਸ਼ਰਤ ਲਗਾ ਦਿੱਤੀ। ਇੰਜੀਨੀਅਰ ਨੂੰ ਸਮਝ ਆ ਗਿਆ ਕਿ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ ਹੈ।
ਕੇਸ ਦਰਜ, ਠੱਗਾਂ 'ਤੇ ਕਾਰਵਾਈ ਸ਼ੁਰੂ
ਇੰਜੀਨੀਅਰ ਦੀ ਸ਼ਿਕਾਇਤ 'ਤੇ ਥਾਣਾ ਸਾਈਬਰ ਕਰਾਈਮ, ਕਪੂਰਥਲਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਮਹਾਰਾਸ਼ਟਰ, ਯੂਪੀ, ਮੱਧ ਪ੍ਰਦੇਸ਼ ਅਤੇ ਕੇਰਲਾ ਦੀਆਂ 6 ਫਰਮਾਂ ਅਤੇ 8 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਜਿਨ੍ਹਾਂ 'ਤੇ ਮਾਮਲਾ ਦਰਜ ਹੋਇਆ:
ਮਿਰਜ਼ਾ ਅਹਮਰ ਹੁਸੈਨ ਬੇਗ (ਰਾਇਬਰੇਲੀ, ਉੱਤਰ ਪ੍ਰਦੇਸ਼)
ਬਦੂਸ਼ਾਹ ਪੀ.ਪੀ. (ਕੇਰਲਾ)
ਮੈਸਰਜ਼ ਪਨੇਯੂਮੈਟਿਕ ਇੰਟਰਪਰਾਈਜ਼ਜ਼ (ਨਵੀਂ ਮੁੰਬਈ, ਮਹਾਰਾਸ਼ਟਰ)
ਮੈਸਰਜ਼ ਸਪੇਸ ਇੰਟਰਪਰਾਈਜ਼ਜ਼ (ਨਵੀਂ ਮੁੰਬਈ, ਮਹਾਰਾਸ਼ਟਰ)
ਮੂਟੈਂਟ ਟੈਲੈਂਟ ਸਰਵਿਸਜ਼ (ਗਾਜ਼ਿਆਬਾਦ, ਉੱਤਰ ਪ੍ਰਦੇਸ਼)
ਆਰਕਪ੍ਰੋ ਡਿਜ਼ੀਟਲ (ਪੂਣੇ, ਮਹਾਰਾਸ਼ਟਰ)
ਸ਼ਿਵ ਸ਼ਕਤੀ ਲੌਜਿਸਟਿਕ (ਨਵੀ ਮੁੰਬਈ, ਮਹਾਰਾਸ਼ਟਰ)
ਮੈਸਰਜ਼ ਵਦਮਾਨ ਟ੍ਰੇਨਿੰਗ (ਇੰਦੌਰ, ਮੱਧ ਪ੍ਰਦੇਸ਼)
ਪੁਲਿਸ ਵਲੋਂ ਜਾਂਚ ਜਾਰੀ ਹੈ, ਤੇ ਵੱਡੀ ਠੱਗੀ ਦੀ ਪਰਤ ਦਰੀ ਪਰਤ ਖੁਲਣ ਦੀ ਸੰਭਾਵਨਾ ਹੈ।






















