Fazilka News: ਰੇਹੜੇ 'ਤੇ ਜਾਂਦੇ ਸਕੂਲੀ ਬੱਚਿਆਂ ਦਾ ਵੀਡੀਓ ਵਾਇਰਲ, ਸੁਰੱਖਿਆ ਨੂੰ ਲੈ ਕੇ ਖੜ੍ਹੇ ਹੋਏ ਸਵਾਲ
Viral Video: ਖੱਚਰ-ਰੇਹੜੇ 'ਤੇ ਸਵਾਰ ਹੋ ਕੇ ਸਕੂਲ ਜਾ ਰਹੇ ਦਰਜਨਾਂ ਬੱਚਿਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Fazilka News: ਰੇਹੜੇ ਜੋ ਕਿ ਅੱਜ ਦੇ ਵੱਡੀਆਂ-ਵੱਡੀਆਂ ਗੱਡੀਆਂ ਵਾਲੇ ਯੁੱਗ ਦੇ ਵਿੱਚ ਬਹੁਤ ਹੀ ਘੱਟ ਨਜ਼ਰ ਆਉਂਦੇ ਹਨ। ਬਹੁਤ ਹੀ ਘੱਟ ਲੋਕ ਹੋਣਗੇ ਜੋ ਕਿ ਰੇਹੜੇ ਬਾਰੇ ਜਾਣਦੇ ਹੋਣਗੇ। ਰੇਹੜੇ ਜੋ ਕਿ ਲੱਕੜ ਦਾ ਬਣਿਆ ਹੁੰਦਾ ਤੇ ਇਸ ਨੂੰ ਖੱਚਰ ਦੀ ਸਹਾਇਤਾ ਦੇ ਨਾਲ ਖਿੱਚਿਆ ਜਾਂਦਾ ਹੈ। ਇਸ ਦੀ ਵਰਤੋਂ ਮਾਲ ਦੀ ਢੋਆ ਢੁਆਈ ਕਰਨ ਲਈ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਦੇ ਵਿੱਚ ਸੜਕਾਂ ਉੱਤੇ ਰੇਹੜੇ ਆਮ ਨਜ਼ਰ ਆ ਜਾਂਦੇ ਸਨ। ਇਸ ਦੀ ਵਰਤੋਂ ਖੇਤਾਂ ਤੋਂ ਪੱਠੇ ਲੈ ਕੇ ਅਤੇ ਹੋਰ ਕਈ ਤਰ੍ਹਾਂ ਦੇ ਢੋਆ ਢੁਆਈ ਵਾਲੇ ਕੰਮਾਂ ਦੇ ਵਿੱਚ ਕੀਤੀ ਜਾਂਦੀ ਸੀ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਰੇਹੜੇ ਵਾਲਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਈ ਬੱਚੇ ਬੈਠੇ ਨਜ਼ਰ ਆ ਰਹੇ ਹਨ।
ਫਾਜ਼ਿਲਕਾ ਤੋਂ ਸਕੂਲੀ ਬੱਚਿਆਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬਜ਼ੁਰਗ ਆਪਣੇ ਪੋਤੇ-ਪੋਤਿਆਂ ਨੂੰ ਸਕੂਲ ਪੜ੍ਹਨ ਲਈ ਛੱਡਣ ਜਾ ਰਿਹਾ ਹੈ। ਇਹ ਵੀਡੀਓ ਦੇਖ ਕੇ ਕਈ ਲੋਕਾਂ ਨੂੰ ਆਪਣੇ ਬਚਪਨ ਵਾਲੇ ਦਿਨ ਯਾਦ ਆ ਗਏ ਜਦੋਂ ਉਹ ਖੁਦ ਵੀ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਸਕੂਲ ਪੜ੍ਹਨ ਲਈ ਜਾਂਦੇ ਸਨ। ਪਰ ਉਸ ਸਮੇਂ ਇੰਨ੍ਹੀ ਟ੍ਰੈਫਿਕ ਵੀ ਨਹੀਂ ਹੁੰਦੀ ਸੀ। ਪਰ ਇਸ ਵੀਡੀਓ ਨੇ ਦੂਜੇ ਪਾਸੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਫਾਜ਼ਿਲਕਾ ਦੇ ਇੱਕ ਦਰਜਨ ਸਕੂਲੀ ਬੱਚਿਆਂ ਵੱਲੋਂ ਖੱਚਰ ਰੇਹੜੇ 'ਤੇ ਸਵਾਰ ਹੋ ਕੇ ਸਕੂਲ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੇ ਸਿਸਟਮ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਕੂਲ ਵੈਨਾਂ 'ਚ ਸਹੂਲਤਾਂ ਦੀ ਘਾਟ, ਜਿਸ ਕਰਕੇ ਅੱਜ ਦੇ ਦੌਰ 'ਚ ਇਨ੍ਹਾਂ ਬੱਚਿਆਂ ਨੂੰ ਰੇਹੜੇ ਵਰਗੇ ਸਾਧਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਇਹ ਵੀਡੀਓ ਜੋ ਕਿ ਚਰਚਾ ਦਾ ਵਿਸ਼ਾ ਬਣ ਗਈ ਹੈ, ਹਾਲਾਂਕਿ ਜਦੋਂ ਇਸ ਸਬੰਧੀ ਫਾਜ਼ਿਲਕਾ ਟ੍ਰੈਫਿਕ ਪੁਲਿਸ ਦੇ ਜ਼ਿਲਾ ਇੰਚਾਰਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ ਪਰ ਇਹ ਕਿਹੜੀ ਜਗ੍ਹਾ ਦੀ ਹੈ ਇਹ ਅਜੇ ਪਤਾ ਨਹੀਂ ਚੱਲ ਪਾਇਆ। ਇਹ ਪਤਾ ਲਗਾਉਣ ਤੋਂ ਬਾਅਦ ਕਿ ਉਹ ਕਿੱਥੇ ਦੇ ਹਨ ਅਤੇ ਕਿਸ ਸਕੂਲ ਵਿੱਚ ਜਾ ਰਹੇ ਹਨ, ਬੱਚਿਆਂ ਦੇ ਮਾਪਿਆਂ ਨੂੰ ਸਕੂਲ ਪ੍ਰਸ਼ਾਸਨ ਕੋਲ ਤਲਬ ਕੀਤਾ ਜਾਵੇਗਾ।