ਮਜੀਠੀਆ ਖਿਲਾਫ FIR ਰਾਘਵ ਚੱਢਾ ਵੱਲੋਂ ਚੋਣਾਵੀਂ ਸਟੰਟ ਕਰਾਰ
ਪੰਜਾਬ ਦੇ ਬਹੁਚਰਚਿੱਤ ਡਰੱਗ ਮਾਮਲੇ ਵਿੱਚ ਕਾਂਗਰਸ ਸਰਕਾਰ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਐਫ਼.ਆਈ.ਆਰ ਦਰਜ ਕਰਨ ਨੂੰ ਆਮ ਆਦਮੀ ਪਾਰਟੀ (ਆਪ) ਨੇ ਸੱਤਾਧਾਰੀ ਕਾਂਗਰਸ ਦਾ ਚੋਣਾਵੀਂ ਸਟੰਟ ਕਰਾਰ ਦਿੱਤਾ ਹੈ।
ਚੰਡੀਗੜ੍ਹ: ਪੰਜਾਬ ਦੇ ਬਹੁਚਰਚਿੱਤ ਡਰੱਗ ਮਾਮਲੇ ਵਿੱਚ ਕਾਂਗਰਸ ਸਰਕਾਰ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਐਫ਼.ਆਈ.ਆਰ ਦਰਜ ਕਰਨ ਨੂੰ ਆਮ ਆਦਮੀ ਪਾਰਟੀ (ਆਪ) ਨੇ ਸੱਤਾਧਾਰੀ ਕਾਂਗਰਸ ਦਾ ਚੋਣਾਵੀਂ ਸਟੰਟ ਕਰਾਰ ਦਿੱਤਾ ਹੈ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਦੋਸ਼ ਲਾਇਆ, ‘‘ਅਸੀਂ 8 ਦਸੰਬਰ ਨੂੰ ਹੀ ਦੱਸ ਦਿੱਤਾ ਸੀ ਕਿ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਬਾਦਲ ਵਿਚਕਾਰ ਇੱਕ ਫ਼ਾਰਮ ਹਾਊਸ ’ਤੇ ਡੀਲ ਹੋ ਚੁਕੀ ਸੀ। ਚੰਨੀ ਸਰਕਾਰ ਚੋਣਾਵੀਂ ਫਾਇਦੇ ਲਈ ਬੇਹੱਦ ਕਮਜ਼ੋਰ ਆਧਾਰ ’ਤੇ ਵਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰੇਗੀ ਅਤੇ ਗਿਰਫ਼ਤਾਰ ਕਰਨ ਦਾ ਡਰਾਮਾ ਕਰੇਗੀ। ਮਜੀਠੀਆ ਖ਼ਿਲਾਫ਼ ਐਫ਼.ਆਈ.ਆਰ ਦਰਜ ਕਰਨਾ ਸਟੰਟਮੈਨ ਚੰਨੀ ਦਾ ਚੋਣਾਵੀਂ ਸਟੰਟ ਹੈ।’’
ਰਾਘਵ ਚੱਢਾ ਨੇ ਕਿਹਾ, ‘‘ਮਜੀਠੀਆ ਮਾਮਲੇ ਦਾ ਹੱਲ ਵੀ ਉਸੇ ਤਰ੍ਹਾਂ ਹੋਵੇਗਾ, ਜਿਸ ਤਰ੍ਹਾਂ ਰਾਜਾ ਵੜਿੰਗ ਦੇ ਬੱਸ ਮਾਮਲੇ ਦਾ ਹੋਇਆ ਸੀ। ਜਿਸ ਵਿੱਚ ਅਦਾਲਤ ਨੇ ਅਗਲੇ ਹੀ ਦਿਨ ਬੰਦ ਕੀਤੀਆਂ ਬੱਸਾਂ ਛੱਡ ਦਿੱਤੀਆਂ ਸਨ। ਚੋਣਾ ਨੇੜੇ ਦੇਖ ਕੇ ਚੰਨੀ ਸਰਕਾਰ ਮਜੀਠੀਆ ’ਤੇ ਕੇਸ ਦਰਜ ਕਰਕੇ ਚੋਣਾਵੀਂ ਸਟੰਟ ਖੇਡ ਰਹੀ ਹੈ। ਜੇਕਰ ਸੱਚ ਵਿੱਚ ਕਾਂਗਰਸ ਸਰਕਾਰ ਡਰੱਗ ਮਾਮਲੇ ਵਿੱਚ ਲੋਕਾਂ ਨੂੰ ਇਨਸਾਫ਼ ਦੇਣਾ ਚਾਹੁੰਦੀ ਸੀ, ਤਾਂ 16 ਮਾਰਚ 2017 (ਜਿਸ ਦਿਨ ਕਾਂਗਰਸ ਸਰਕਾਰ ਬਣੀ ਸੀ) ਤੋਂ ਅੱਜ ਤੱਕ ਕੋਈ ਵੱਡੀ ਜਾਂਚ ਜਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਚੱਢਾ ਨੇ ਕਿਹਾ ਕਿ ਚੰਨੀ ਸਰਕਾਰ ਹੁਣ ਸਿਰਫ਼ ਇੱਕ ਹਫ਼ਤੇ ਦੀ ਸਰਕਾਰ ਰਹਿ ਗਈ ਹੈ। ਦਸੰਬਰ ਦੇ ਅਖ਼ੀਰ ਵਿੱਚ ਚੋਣ ਜਾਬਤਾ ਲੱਗ ਜਾਵੇਗਾ ਅਤੇ ਚੰਨੀ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਖ਼ਤਮ ਹੋ ਜਣਗੀਆਂ। ਇਸ ਲਈ ਆਪਣੇ ਚੋਣਾਵੀਂ ਲਾਭ ਲਈ ਕਾਂਗਰਸ ਸਰਕਾਰ ਐਫ਼.ਆਈ.ਆਰ ਦਾ ਡਰਾਮਾ ਕਰਕੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਨਸ਼ੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਵੱਡੀ ਜਾਂਚ ਕੀਤੀ ਹੈ। ਪੰਜ ਸਾਲਾਂ ਤੱਕ ਕਾਂਗਰਸੀ ਆਗੂਆਂ ਨੇ ਡਰੱਗ ਮਾਫੀਆ ਨੂੰ ਸੁਰੱਖਿਆ ਦਿੱਤੀ। ਹੁਣ ਚੋਣ ਜਾਬਤਾ ਲੱਗਣ ਤੋਂ ਪੰਜ ਦਿਨ ਪਹਿਲਾਂ ਐਫ.ਆਈ.ਆਰ ਕਰਕੇ ਕਾਂਗਰਸ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।