Farmer Protest: ਦਿੱਲੀ 'ਚ ਮੁੜ ਕਿਸਾਨਾਂ ਦਾ ਹੜ੍ਹ, ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਜੰਤਰ-ਮੰਤਰ ’ਤੇ ਪਹੁੰਚੇ ਹਜ਼ਾਰਾਂ ਕਿਸਾਨ
Farmer: ਹਾਸਲ ਜਾਣਕਾਰੀ ਮੁਤਾਬਕ ਮਹਾਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਸਮੇਤ ਹਰਿਆਣਾ, ਉੱਤਰ ਪ੍ਰਦੇਸ਼, ਕੇਰਲਾ ਆਦਿ ਰਾਜਾਂ ਤੋਂ ਕਿਸਾਨ ਯੂਨੀਅਨਾਂ ਦੇ ਕਾਰਕੁਨ...
Farmer Protest: ਦੇਸ਼ ਦੇ ਕਿਸਾਨ ਅੱਜ ਫਿਰ ਦਿੱਲੀ ਵੱਲ ਕੂਚ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐਸਪੀ ਤੇ ਹੋਰ ਮੰਗਾਂ ਨੂੰ ਲੈ ਕੇ ਮਹਾਪੰਚਾਇਤ ਦੇ ਦਿੱਤੇ ਸੱਦੇ ਤਹਿਤ ਜੰਤਰ-ਮੰਤਰ ’ਤੇ ਹਜ਼ਾਰਾਂ ਕਿਸਾਨ ਪੁੱਜ ਗਏ ਹਨ। ਦਿੱਲੀ ਪੁਲਿਸ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕਿਸਾਨ ਜੰਤਰ-ਮੰਤਰ ’ਤੇ ਪਹੁੰਚ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਮਹਾਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਸਮੇਤ ਹਰਿਆਣਾ, ਉੱਤਰ ਪ੍ਰਦੇਸ਼, ਕੇਰਲਾ ਆਦਿ ਰਾਜਾਂ ਤੋਂ ਕਿਸਾਨ ਯੂਨੀਅਨਾਂ ਦੇ ਕਾਰਕੁਨ ਪਹੁੰਚੇ ਹਨ।
ਉਂਜ ਜੰਤਰ ਮੰਤਰ ’ਤੇ ਤਜਵੀਜ਼ਤ ਮਹਾਪੰਚਾਇਤ ਤੋਂ ਪਹਿਲਾਂ ਗਾਜ਼ੀਪੁਰ ਬਾਰਡਰ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਹਨ। ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਕੁਝ ਟਿਕਾਣਿਆਂ ’ਤੇ ਜੰਤਰ ਮੰਤਰ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ।
ਮੋਰਚੇ ਦੇ ਆਗੂ ਅਭਿਮੰਨਿਊ ਸਿੰਘ ਕੋਹਾੜ ਨੇ ਕਿਹਾ, ‘‘ਇੱਕ ਦਿਨ ਦੀ ਮਹਾਪੰਚਾਇਤ ਸ਼ਾਂਤੀਪੂਰਵਕ ਢੰਗ ਨਾਲ ਕੀਤੇ ਜਾਣ ਵਾਲਾ ਸਮਾਗਮ ਹੈ, ਜਿੱਥੇ ਅਸੀਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਬਿਜਲੀ ਸੋਧ ਬਿੱਲ 2022 ਨੂੰ ਰੱਦ ਕਰਨ ਸਮੇਤ ਆਪਣੀਆਂ ਹੋਰ ਬਕਾਇਆ ਮੰਗਾਂ ਦੁਹਰਾਵਾਂਗੇ।’’
ਕੋਹਾੜ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਆ ਰਹੇ ਕਿਸਾਨਾਂ ਨੂੰ ਐਤਵਾਰ ਰਾਤ ਨੂੰ ਰੋਕਿਆ ਗਿਆ। ਉਨ੍ਹਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ, ਰਕਾਬਗੰਜ ਤੇ ਮੋਦੀ ਬਾਗ ਲਿਜਾਇਆ ਗਿਆ ਤੇ ਮਗਰੋਂ ਰਿਹਾਅ ਕਰ ਦਿੱਤਾ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ, ਕਰਨਾਟਕ, ਯੂਪੀ ਤੇ ਹਰਿਆਣਾ ਦੇ ਕੁਝ ਹਿੱਸਿਆਂ ਤੋਂ ਕਿਸਾਨ ਦਿੱਲੀ ਪੁੱਜ ਗਏ ਹਨ।
ਦੱਸ ਦੇਈਏ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਈ ਕਿਸਾਨ ਜਥੇਬੰਦੀਆਂ ਸਰਕਾਰ ਦੀ ਵਾਅਦਾਖ਼ਿਲਾਫ਼ੀ ਖ਼ਿਲਾਫ਼ ਅੱਜ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਜੰਤਰ-ਮੰਤਰ ’ਤੇ ਧਰਨਾ ਦੇਣ ਲਈ ਇਕੱਠੀਆਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਅੱਜ ਸਵੇਰੇ 10.30 ਵਜੇ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਗਠਿਤ ਐਮਐਸਪੀ ਕਮੇਟੀ ਦੀ ਪਹਿਲੀ ਮੀਟਿੰਗ ਵੀ ਹੋਣੀ ਹੈ।
ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਟਿੱਕਰੀ ਸਰਹੱਦ ਤੋਂ ਰਾਜਧਾਨੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਸਨ। ਬਾਰਡਰ 'ਤੇ ਬੈਰੀਕੇਡ ਅਤੇ ਕਈ ਥਾਣਿਆਂ ਦੀ ਪੁਲਿਸ ਲਗਾ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਅਹੁਦੇਦਾਰ ਅਭਿਮਨਿਊ ਕੋਹਾੜ ਨੇ ਮੀਡੀਆ ਨੂੰ ਦੱਸਿਆ ਕਿ ਕਿਸਾਨ ਕਈ ਮੁੱਦਿਆਂ ਨੂੰ ਲੈ ਕੇ ਜੰਤਰ-ਮੰਤਰ ਵਿਖੇ ਮਹਾਂਪੰਚਾਇਤ ਕਰ ਰਹੇ ਹਨ।