Gangwar in Punjab: ਗੁਰਲਾਲ ਬਰਾੜ ਕਤਲ ਦੇ ਚਾਰੇ ਮੁਲਜ਼ਮ ਬਰੀ, ਗਵਾਹਾਂ ਨੇ ਅਦਾਲਤ 'ਚ ਬਦਲੇ ਬਿਆਨ
ਬਰੀ ਕੀਤੇ ਗਏ ਮੁਲਜ਼ਮਾਂ ਵਿੱਚ ਨੀਰਜ ਚਸਕਾ, ਚਮਕੌਰ ਸਿੰਘ, ਗੁਰਮੀਤ ਸਿੰਘ ਗੀਤਾ ਅਤੇ ਗੁਰਵਿੰਦਰ ਸਿੰਘ ਸ਼ਾਮਲ ਹਨ। ਪੁਲਿਸ ਨੇ ਇਸ ਕੇਸ ਵਿੱਚ ਗੁਰਲਾਲ ਦੀ ਮਹਿਲਾ ਦੋਸਤ ਅਤੇ ਵਿਕਾਸ ਤਿਵਾੜੀ ਨਾਂਅ ਦੇ ਵਿਅਕਤੀ ਨੂੰ ਮੌਕੇ ’ਤੇ ਗਵਾਹ ਬਣਾਇਆ ਸੀ ਪਰ ਦੋਵਾਂ ਨੇ ਅਦਾਲਤ ਵਿੱਚ ਜੱਜ ਨੂੰ ਦੱਸਿਆ ਕਿ ਕਤਲ ਉਨ੍ਹਾਂ ਦੇ ਸਾਹਮਣੇ ਨਹੀਂ ਹੋਇਆ।
Crime News: 10 ਅਕਤੂਬਰ, 2020 ਨੂੰ ਚੰਡੀਗੜ੍ਹ ਦੇ ਸਨਅਤੀ ਖੇਤਰ ਵਿਦਿਆਰਥੀ ਆਗੂ ਗੁਰਲਾਲ ਬਰਾੜ ਦੇ ਕਤਲ ਕੇਸ ਵਿੱਚ ਚਾਰੋਂ ਮੁਲਜ਼ਮਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਉਨ੍ਹਾਂ ਨੂੰ ਗਵਾਹਾਂ ਅਤੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਬਰੀ ਕੀਤੇ ਗਏ ਮੁਲਜ਼ਮਾਂ ਵਿੱਚ ਨੀਰਜ ਚਸਕਾ, ਚਮਕੌਰ ਸਿੰਘ, ਗੁਰਮੀਤ ਸਿੰਘ ਗੀਤਾ ਅਤੇ ਗੁਰਵਿੰਦਰ ਸਿੰਘ ਸ਼ਾਮਲ ਹਨ। ਪੁਲਿਸ ਨੇ ਇਸ ਕੇਸ ਵਿੱਚ ਗੁਰਲਾਲ ਦੀ ਮਹਿਲਾ ਦੋਸਤ ਅਤੇ ਵਿਕਾਸ ਤਿਵਾੜੀ ਨਾਂਅ ਦੇ ਵਿਅਕਤੀ ਨੂੰ ਮੌਕੇ ’ਤੇ ਗਵਾਹ ਬਣਾਇਆ ਸੀ ਪਰ ਦੋਵਾਂ ਨੇ ਅਦਾਲਤ ਵਿੱਚ ਜੱਜ ਨੂੰ ਦੱਸਿਆ ਕਿ ਕਤਲ ਉਨ੍ਹਾਂ ਦੇ ਸਾਹਮਣੇ ਨਹੀਂ ਹੋਇਆ।
ਗੁਰਲਾਲ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ
2020 ਵਿੱਚ ਗੁਰਲਾਲ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਗੈਂਗ ਵਾਰ ਸ਼ੁਰੂ ਹੋ ਗਈ ਸੀ। ਗੁਰਲਾਲ ਦੇ ਕਤਲ ਦਾ ਬਦਲਾ ਲੈਣ ਲਈ ਗੋਲਡੀ ਬਰਾੜ ਨੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਉਰਫ਼ ਪਹਿਲਵਾਨ ਦਾ ਫਰੀਦਕੋਟ ਵਿੱਚ ਕਤਲ ਕਰਵਾ ਦਿੱਤਾ। ਕੁਝ ਮਹੀਨਿਆਂ ਬਾਅਦ, ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ਦੀ ਮੋਹਾਲੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਸਿੱਧੂ ਮੂਸੇਵਾਲਾ ਦੀ ਮੌਤ ਵੀ ਗੈਂਗਵਾਰ ਨਾਲ ਜੁੜੀ ?
ਚਰਚਾ ਸੀ ਕਿ ਬੰਬੀਹਾ ਗੈਂਗ ਨੇ ਪਹਿਲਵਾਨ ਦੀ ਮੌਤ ਦਾ ਬਦਲਾ ਲੈਣ ਲਈ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਫਿਰ ਇੱਕ ਸਾਲ ਬਾਅਦ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ।
ਕੀ ਹੈ ਪੂਰਾ ਮਾਮਲਾ
10 ਅਕਤੂਬਰ 2020 ਦੀ ਦੇਰ ਰਾਤ, ਗੁਰਲਾਲ ਉਦਯੋਗਿਕ ਖੇਤਰ ਵਿੱਚ ਸਥਿਤ ਸਿਟੀ ਐਂਪੋਰੀਅਮ ਮਾਲ ਦੇ ਬਾਹਰ ਇੱਕ ਫਾਰਚੂਨਰ ਕਾਰ ਵਿੱਚ ਕਿਸੇ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਦੋ ਨਕਾਬਪੋਸ਼ ਬਾਈਕ ਸਵਾਰ ਨੌਜਵਾਨ ਗੱਡੀ ਦੇ ਨੇੜੇ ਆਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ 'ਚ ਗੁਰਲਾਲ ਦੇ ਸਿਰ, ਛਾਤੀ ਅਤੇ ਬਾਂਹ 'ਤੇ ਗੋਲੀਆਂ ਲੱਗੀਆਂ। ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਇੰਡਸਟਰੀਅਲ ਏਰੀਆ ਥਾਣੇ ਦੀ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕਤਲ, ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।