ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੀਤਾ ਵੱਡਾ ਖੁਲਾਸਾ, ਜੇਲ੍ਹ 'ਚ ਬੈਠੇ ਹੀ 5 ਸਾਲਾਂ 'ਚ 25 ਕਾਰੋਬਾਰੀਆਂ ਤੋਂ ਵਸੂਲੇ 4 ਕਰੋੜ
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਅੰਦਰ ਬੈਠ ਕੇ ਪੰਜ ਸਾਲਾਂ ਵਿੱਚ 25 ਵੱਡੇ ਕਾਰੋਬਾਰੀਆਂ ਤੋਂ ਕਰੀਬ ਚਾਰ ਕਰੋੜ ਰੁਪਏ ਦੀ ਫਿਰੌਤੀ ਲੈ ਚੁੱਕਾ ਹੈ। ਇਸ ਪੈਸੇ ਨਾਲ ਉਸ ਦੇ ਗਰੋਹ ਨੇ ਆਧੁਨਿਕ ਹਥਿਆਰ ਵੀ ਖਰੀਦ ਲਏ ਹਨ
ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਅੰਦਰ ਬੈਠ ਕੇ ਪੰਜ ਸਾਲਾਂ ਵਿੱਚ 25 ਵੱਡੇ ਕਾਰੋਬਾਰੀਆਂ ਤੋਂ ਕਰੀਬ ਚਾਰ ਕਰੋੜ ਰੁਪਏ ਦੀ ਫਿਰੌਤੀ ਲੈ ਚੁੱਕਾ ਹੈ। ਇਸ ਪੈਸੇ ਨਾਲ ਜੇਲ੍ਹ ਵਿੱਚ ਸਾਰੀਆਂ ਸਹੂਲਤਾਂ ਲੈਣ ਤੋਂ ਇਲਾਵਾ ਉਸ ਦੇ ਗਰੋਹ ਨੇ ਆਧੁਨਿਕ ਹਥਿਆਰ ਵੀ ਖਰੀਦ ਲਏ ਹਨ। ਖੁਫੀਆ ਸੂਤਰਾਂ ਮੁਤਾਬਕ ਲਾਰੈਂਸ ਨੇ ਇਹ ਖੁਲਾਸਾ ਪੰਜਾਬ ਪੁਲਿਸ ਦੀ ਪੁੱਛਗਿੱਛ ਦੌਰਾਨ ਕੀਤਾ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਉਸ ਨੂੰ ਦਿੱਲੀ ਤੋਂ ਲੈ ਕੇ ਪੰਜਾਬ ਲੈ ਕੇ ਆਈ ਸੀ। 13 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਉਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੋਂ ਅੰਮ੍ਰਿਤਸਰ ਪੁਲਿਸ ਨੇ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਲਿਆ ਹੈ। ਜਾਂਚ ਦੌਰਾਨ ਉਹ ਕਾਫੀ ਟੁੱਟ ਚੁੱਕਾ ਹੈ। ਉਸ ਨੇ ਜੇਲ੍ਹ ਵਿੱਚ ਰਹਿੰਦਿਆਂ ਪੁਲੀਸ ਨੂੰ ਆਪਣੇ ਨੈੱਟਵਰਕ ਬਾਰੇ ਸੂਚਿਤ ਕੀਤਾ ਹੈ। ਉਸ ਦਾ ਖਾਸ ਅਬੋਹਰ ਵਾਸੀ ਸਤਬੀਰ ਦੱਸਿਆ ਜਾ ਰਿਹਾ ਹੈ।
ਸਤਬੀਰ ਕਾਰੋਬਾਰੀਆਂ ਦੇ ਮੋਬਾਈਲ ਨੰਬਰ ਦਿੰਦਾ ਸੀ। ਇਸ ਤੋਂ ਬਾਅਦ ਲਾਰੇਂਸ ਜੇਲ੍ਹ ਵਿੱਚ ਬੈਠ ਕੇ ਕਾਰੋਬਾਰੀਆਂ ਨੂੰ ਫੋਨ ਕਰਦਾ ਸੀ। ਉਸ ਨੇ ਪਿਛਲੇ ਪੰਜ ਸਾਲਾਂ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ ਤੇ ਚੰਡੀਗੜ੍ਹ ਦੇ ਵੱਡੇ ਕਾਰੋਬਾਰੀਆਂ ਤੋਂ ਚਾਰ ਕਰੋੜ ਰੁਪਏ ਤੋਂ ਵੱਧ ਦੀਆਂ ਫਿਰੌਤੀਆਂ ਲੈ ਚੁੱਕਾ ਹੈ। ਉਸ ਨੇ ਕੈਨੇਡਾ ਬੈਠੇ ਆਪਣੇ ਸਾਥੀ ਗੋਲਡੀ ਬਰਾੜ ਨੂੰ ਵੀ ਕਾਫੀ ਪੈਸੇ ਭੇਜੇ ਹਨ। ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਦੇ ਇੱਕ ਸ਼ਰਾਬ ਕਾਰੋਬਾਰੀ ਤੋਂ 30 ਲੱਖ ਰੁਪਏ ਦੀ ਫਿਰੌਤੀ ਲੈਣ ਦੀ ਗੱਲ ਸਾਹਮਣੇ ਆਈ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਵਿਚਕਾਰ ਬੀਤੇ ਦਿਨੀਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਿਆਂਦਾ ਗਿਆ ਸੀ। ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਵਿਖੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।