ਸਿੱਧੂ ਮੂਸੇਵਾਲਾ ਤੋਂ ਇੰਨੇ ਖੌਫਜ਼ਦਾ ਸੀ ਗੈਂਗਸਟਰ? ਇੱਕ ਬੰਦਾ ਮਾਰਨ ਲਈ ਕੀਤੀ ਜੰਗੀ ਪੱਧਰ 'ਤੇ ਤਿਆਰੀ, 60 ਗੈਂਗਸਟਰਾਂ ਨੇ ਮਿਲ ਕੇ ਬਣਾਇਆ ਨਿਸ਼ਾਨਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਵਿੱਚ ਬੇਹੱਦ ਭੈਅ ਸੀ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਤਿਆਰੀ ਜੰਗੀ ਪੱਧਰ ਉੱਪਰ ਕੀਤੀ ਗਈ ਸੀ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਵਿੱਚ ਬੇਹੱਦ ਭੈਅ ਸੀ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਤਿਆਰੀ ਜੰਗੀ ਪੱਧਰ ਉੱਪਰ ਕੀਤੀ ਗਈ ਸੀ। ਦਿੱਲੀ ਤੇ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਜਾਂਚ ’ਚ ਖ਼ੁਲਾਸਾ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਕਰੀਬ 60 ਗੈਂਗਸਟਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਾਜ਼ਿਸ਼ ਘੜ ਕੇ ਨਿਸ਼ਾਨਾ ਬਣਾਇਆ ਸੀ।
ਜੰਗੀ ਪੱਧਰ 'ਤੇ ਤਿਆਰੀ
ਗੈਂਗਸਟਰਾਂ ਨੇ ਇਸ ਕੰਮ ਲਈ ਕਰੋੜਾਂ ਰੁਪਏ ਖਰਚੇ ਤੇ ਏਕੇ 47 ਤੇ ਗ੍ਰਨੇਡਾਂ ਤੋਂ ਲੈ ਕੇ ਖਤਰਨਾਕ ਪਿਸਟਲਾਂ ਦਾ ਪ੍ਰਬੰਧ ਕੀਤਾ। ਇਸ ਦੇ ਨਾਲ ਹੀ ਕਤਲ ਕਰਨ ਲਈ ਗੈਂਗਸਟਰਾਂ ਦੀ ਦੋ ਟੀਮਾਂ ਤਾਇਨਾਤ ਸੀ। ਜੇਕਰ ਇੱਕ ਟੀਮ ਤੋਂ ਸਿੱਧੂ ਮੂਸੇਵਾਲਾ ਬਚ ਜਾਂਦਾ ਤਾਂ ਉਸ ਉੱਪਰ ਗ੍ਰਨੇਡ ਨਾਲ ਹਮਲਾ ਕੀਤਾ ਜਾਣਾ ਸੀ। ਇੰਨੀ ਤਿਆਰੀ ਤੋਂ ਸਪਸ਼ਟ ਹੈ ਕਿ ਗੈਂਗਸਟਰ ਕਾਫੀ ਭੈਅਭੀਤ ਸਨ।
ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ
ਉਧਰ, ਹੁਣ ਤੱਕ ਦੀ ਜਾਂਚ ’ਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਮੂਸੇਵਾਲਾ ਦੀ ਹੱਤਿਆ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਸੀ। ਹਾਲਾਂਕਿ ਮੂਸੇਵਾਲਾ ਖੁਦ ਕਿਸੇ ਵੀ ਅਪਰਾਧਕ ਸਰਗਰਮੀ ’ਚ ਸ਼ਾਮਲ ਨਹੀਂ ਸੀ। ਪੁਲਿਸ ਜਾਂਚ ਤੇ ਮੁਲਜ਼ਮਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੇ ਗਏ ਦਾਅਵਿਆਂ ਦੀਆਂ ਤੰਦਾਂ ਜੋੜਦਿਆਂ ਪੰਜਾਬ ਤੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਤਿਹਾੜ ਜੇਲ੍ਹ ’ਚੋਂ ਹੀ ਮੂਸੇਵਾਲਾ ਨੂੰ ਮਾਰਨ ਦਾ ਫਰਮਾਨ ਦਿੱਤਾ ਸੀ।
ਗੋਲਡੀ ਬਰਾੜ, ਸਚਿਨ ਤੇ ਅਨਮੋਲ ਬਿਸ਼ਨੋਈ ਨੇ ਘੜੀ ਸੀ ਯੋਜਨਾ
ਪੁਲਿਸ ਸੂਤਰਾਂ ਮੁਤਾਬਕ ਚਾਰ ਲੋੜੀਂਦੇ ਗੈਂਗਸਟਰਾਂ ਕੈਨੇਡਾ ਆਧਾਰਤ ਗੋਲਡੀ ਬਰਾੜ, ਸਚਿਨ ਬਿਸ਼ਨੋਈ ਤੇ ਅਨਮੋਲ ਬਿਸ਼ਨੋਈ ਨੇ ਪੰਜਾਬੀ ਗਾਇਕ ਨੂੰ ਮਾਰਨ ਦੀ ਯੋਜਨਾ ਘੜੀ ਸੀ। ਉਨ੍ਹਾਂ ਦਾ ਪੰਜਾਬ, ਹਰਿਆਣਾ ਤੇ ਦਿੱਲੀ ਦੀਆਂ ਘੱਟੋ ਘੱਟ 10 ਜੇਲ੍ਹਾਂ ’ਚ ਨੈੱਟਵਰਕ ਜੁੜਿਆ ਹੋਇਆ ਸੀ। ਇੱਕ ਹੋਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਦੋ ਸ਼ੂਟਰ ਮੁਹੱਈਆ ਕਰਵਾਏ ਸਨ।
ਗੋਲਡੀ ਬਰਾੜ ਦੇ ਭਰਾ ਦੇ ਕਤਲ ਮਗਰੋਂ ਵਧੀ ਦੁਸ਼ਮਣੀ
ਦਰਅਸਲ ਬੰਬੀਹਾ ਗੁੱਟ ਦੇ ਲੱਕੀ ਪਟਿਆਲ ਅਤੇ ਭੁੱਪੀ ਰਾਣਾ ਨੇ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੀ 11 ਅਕਤੂਬਰ, 2020 ’ਚ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ’ਚ ਹੱਤਿਆ ਕੀਤੀ ਸੀ। ਗੋਲਡੀ ਨੇ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਲੈਣ ਦਾ ਐਲਾਨ ਕੀਤਾ ਸੀ।
ਉਸ ਨੇ ਬਿਸ਼ਨੋਈ ਨਾਲ ਮਿਲ ਕੇ ਬੰਬੀਹਾ ਧੜੇ ਨਾਲ ਜੁੜੇ ਗੁਰਲਾਲ ਪਹਿਲਵਾਨ ਨੂੰ 18 ਫਰਵਰੀ, 2021 ’ਚ ਫਰੀਦਕੋਟ ਦੇ ਜੁਬਲੀ ਚੌਕ ਨੇੜੇ ਮਰਵਾ ਕੇ ਭਰਾ ਦੀ ਹੱਤਿਆ ਦਾ ਬਦਲਾ ਲਿਆ ਸੀ। ਇਸ ਮਗਰੋਂ ਬੰਬੀਹਾ ਗਰੁੱਪ ਨੇ 7 ਅਗਸਤ, 2021 ’ਚ ਵਿੱਕੀ ਮਿੱਡੂਖੇੜਾ ਨੂੰ ਮੁਹਾਲੀ ’ਚ ਮਰਵਾ ਦਿੱਤਾ। ਬਿਸ਼ਨੋਈ ਗਰੁੱਪ ਨੇ ਮੂਸੇਵਾਲਾ ਨੂੰ ਨਿਸ਼ਾਨਾ ਬਣਾ ਕੇ ਇਸ ਦਾ ਬਦਲਾ ਲਿਆ।