Giani Harpreet Singh: ਇੱਕ ਬੰਦੇ ਦੀ ਸਿਆਸਤ ਬਚਾਉਣ ਲਈ ਤਖ਼ਤਾਂ ਵਿਚਾਲੇ ਲੜਾਈਆਂ... ਕੌਮ ਲਈ ਖਤਰੇ ਦੀ ਘੰਟੀ!
Giani Harpreet Singh: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵੱਡਾ ਹਮਲਾ ਬੋਲਿਆ ਹੈ।

Giani Harpreet Singh: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਨਾਲ ਸਮਝੌਤਾ ਖ਼ੁਦਕੁਸ਼ੀ ਦੇ ਬਰਾਬਰ ਹੈ ਕਿਉਂਕਿ ਇੱਕ ਬੰਦੇ ਦੀ ਸਿਆਸਤ ਬਚਾਉਣ ਲਈ ਅੱਜ ਤਖ਼ਤ ਸਾਹਿਬਾਨ ਵਿਚਾਲੇ ਲੜਾਈਆਂ ਸ਼ੁਰੂ ਹੋ ਗਈਆਂ ਹਨ।
ਗਿਆਨੀ ਹਰਪ੍ਰੀਤ ਸਿੰਘ ਸ਼ਨੀਵਾਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਕੀਤੀ ਕਾਨਫੰਰਸ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਸੰਤਾਪ ਭੋਗਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦੀ ਸਰਕਾਰ ਸੱਤਾ ਵਿੱਚ ਲਿਆਂਦੀ ਪਰ ਉਨ੍ਹਾਂ ਜ਼ਖ਼ਮਾਂ ’ਤੇ ਮੱਲ੍ਹਮ ਦੀ ਥਾਂ ਜ਼ਖ਼ਮਾਂ ਨੂੰ ਹੋਰ ਵਲੂੰਧਰਿਆ।
ਉਨ੍ਹਾਂ ਕਿਹਾ ਕਿ ਅੱਜ ਇਹ ਆਗੂ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਹੇ ਹਨ ਜਦੋਂਕਿ 15 ਸਾਲ ਦੇ ਕਾਰਜਕਾਲ ਦੌਰਾਨ ਭਾਜਪਾ ਨਾਲ ਭਾਈਵਾਲੀ ਦੇ ਬਾਵਜੂਦ ਇਨ੍ਹਾਂ ਕਦੇ ਇਹ ਮਸਲੇ ਨਹੀਂ ਚੁੱਕੇ। ਉਨ੍ਹਾਂ ਸਿੱਖ ਕੌਮ ਨੂੰ ਇਨ੍ਹਾਂ ਆਗੂਆਂ ਤੋਂ ਕਿਨਾਰਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਖ਼ਤ ਚੁਣੌਤੀਆਂ ਦਰਪੇਸ਼ ਹਨ, ਸਾਡੇ ਬੱਚਿਆਂ ਦੀ ਪੈਦਾਇਸ਼ ਘੱਟ ਗਈ ਜਦੋਂਕਿ ਗੁਆਢੀ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਪਰਵਾਸੀ ਇੱਥੇ ਆ ਗਏ ਜੋ ਕੌਮ ਲਈ ਖਤਰੇ ਦੀ ਘੰਟੀ ਹੈ।
ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਮਾਂ ਸੀ ਕਿ ਦਿੱਲੀ ਸ਼੍ਰੋਮਣੀ ਅਕਾਲੀ ਦਲ ਤੋਂ ਕੰਬਦੀ ਸੀ। ਉਨ੍ਹਾਂ ਸਮੁੱਚੀ ਇਕੱਤਰਤਾ ਤੋਂ ਹੱਥ ਖੜ੍ਹੇ ਕਰਕੇ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਬਾਦਲ ਦਲੀਆਂ ਨੂੰ ਲਾਂਭੇ ਕਰਨ ਦਾ ਮਤਾ ਪ੍ਰਵਾਨ ਕਰਵਾਇਆ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਭਰਵਾਂ ਹੁੰਲਾਰਾ ਮਿਲ ਰਿਹਾ ਹੈ।
ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਸਤਵੰਤ ਕੌਰ ਨੇ ਸਮੁੱਚੀ ਕੌਮ ਨੂੰ ਵੱਧ ਤੋਂ ਵੱਧ ਮੈਂਬਰਸ਼ਿਪ ਮੁਹਿੰਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਸੀਨੀਅਰ ਆਗੂ ਅਮਰਇੰਦਰ ਸਿੰਘ ਲਿਬੜਾ, ਰਣਬੀਰ ਸਿੰਘ ਪੂੰਨੀਆਂ, ਗੁਰਜੀਤ ਸਿੰਘ ਤਲਵੰਡੀ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਸਾਬਕਾ ਲੋਕ ਸਭਾ ਮੈਂਬਰ ਸਤਵਿੰਦਰ ਕੌਰ ਧਾਲੀਵਾਲ, ਸਾਬਕਾ ਚੇਅਰਮੈਨ ਬਲਤੇਜ ਸਿੰਘ ਮਹਿਮੂਦਪੁਰ ਨੇ ਵੀ ਸੰਬੋਧਨ ਕੀਤਾ।






















