(Source: ECI/ABP News)
ਬਾਦਲ-ਕੈਪਟਨ ਦੀ ਦੋਸਤੀ 'ਤੇ ਕੈਪਟਨ ਦੀ ਕਲੀਨ-ਚਿੱਟ ਨੇ ਲਗਾਈ ਪੱਕੀ ਮੋਹਰ, ਆਪ ਨੇ ਚੁੱਕੇ ਸਵਾਲ
ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਮਾਮਲਿਆਂ 'ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਪਸ਼ਟ ਸ਼ਬਦਾਂ 'ਚ ਕਲੀਨ ਚਿੱਟ ਦਿੱਤੇ ਜਾਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਸਿਟ) ਦੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਬਾਦਲ ਨੂੰ ਕਲੀਨ ਚਿੱਟ ਦਿੱਤੇ ਜਾਣ ਨਾਲ ਦੋਵੇਂ ਟੱਬਰਾਂ ਦਾ 'ਯਰਾਨਾ' ਇੱਕ ਵਾਰ ਫਿਰ ਜੱਗ ਜ਼ਾਹਿਰ ਹੋ ਗਿਆ ਹੈ।
![ਬਾਦਲ-ਕੈਪਟਨ ਦੀ ਦੋਸਤੀ 'ਤੇ ਕੈਪਟਨ ਦੀ ਕਲੀਨ-ਚਿੱਟ ਨੇ ਲਗਾਈ ਪੱਕੀ ਮੋਹਰ, ਆਪ ਨੇ ਚੁੱਕੇ ਸਵਾਲ Giving clean chit to Badal in sacrilege incidents exposes Captain-Badal bonhomie says Bhagwant Mann ਬਾਦਲ-ਕੈਪਟਨ ਦੀ ਦੋਸਤੀ 'ਤੇ ਕੈਪਟਨ ਦੀ ਕਲੀਨ-ਚਿੱਟ ਨੇ ਲਗਾਈ ਪੱਕੀ ਮੋਹਰ, ਆਪ ਨੇ ਚੁੱਕੇ ਸਵਾਲ](https://static.abplive.com/wp-content/uploads/sites/5/2019/05/17114955/captain-amrinder-singh-bhagwant-mann-sukhbir-badal.jpg?impolicy=abp_cdn&imwidth=1200&height=675)
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਮਾਮਲਿਆਂ 'ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਪਸ਼ਟ ਸ਼ਬਦਾਂ 'ਚ ਕਲੀਨ ਚਿੱਟ ਦਿੱਤੇ ਜਾਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਸਿਟ) ਦੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਬਾਦਲ ਨੂੰ ਕਲੀਨ ਚਿੱਟ ਦਿੱਤੇ ਜਾਣ ਨਾਲ ਦੋਵੇਂ ਟੱਬਰਾਂ ਦਾ 'ਯਰਾਨਾ' ਇੱਕ ਵਾਰ ਫਿਰ ਜੱਗ ਜ਼ਾਹਿਰ ਹੋ ਗਿਆ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ''ਆਪਸੀ ਸਾਂਝ-ਭਿਆਲੀ ਦੀ ਬਿੱਲੀ ਪੂਰੀ ਤਰ੍ਹਾਂ ਥੈਲਿਓਂ ਬਾਹਰ ਆ ਗਈ ਹੈ। 'ਆਪ' ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਦੋਵੇਂ (ਬਾਦਲ-ਕੈਪਟਨ) ਆਪਸ 'ਚ ਰਲੇ ਹੋਏ ਹਨ, ਪੂਰੀ ਤਰ੍ਹਾਂ ਇਕੱਮਿਕ ਹਨ। ਜੇ ਕਿਸੇ ਦੇ ਮਨ 'ਚ ਥੋੜ੍ਹਾ ਬਹੁਤਾ ਸ਼ੱਕ-ਸੰਦੇਹ ਸੀ, ਕੈਪਟਨ ਦੀ ਇਸ ਕਲੀਨ ਚਿੱਟ ਨੇ ਸਾਰੇ ਸ਼ੱਕ-ਸੰਦੇਹ ਦੂਰ ਕਰ ਦਿੱਤੇ। ਸੜਕ ਤੋਂ ਲੈ ਕੇ ਵਿਧਾਨ ਸਭਾ ਤੇ ਸੰਸਦ ਤੱਕ ਆਮ ਆਦਮੀ ਪਾਰਟੀ ਬਾਦਲ-ਕੈਪਟਨ ਦੋਸਤੀ ਬਾਰੇ ਜੋ ਖ਼ੁਲਾਸੇ ਕਰਦੀ ਰਹੀ ਹੈ, ਕੈਪਟਨ ਨੇ ਉਸ 'ਤੇ ਖ਼ੁਦ ਹੀ ਮੋਹਰ ਲਗਾ ਦਿੱਤੀ ਹੈ।''
ਭਗਵੰਤ ਮਾਨ ਨੇ ਸਵਾਲ ਚੁੱਕਿਆ ਕਿ ਮੁੱਖ ਮੰਤਰੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਸੇ ਨੂੰ ਵੀ ਕਲੀਨ ਚਿੱਟ ਕਿਵੇਂ ਦੇ ਸਕਦੇ ਹਨ? ਮਾਨ ਮੁਤਾਬਿਕ, ''ਅਸਲ 'ਚ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਟ ਤੋਂ ਜੋ ਨਤੀਜਾ ਲੈਣਾ ਚਾਹੁੰਦੇ ਹਨ, ਉਹ ਪਹਿਲਾਂ ਹੀ ਜ਼ੁਬਾਨ 'ਤੇ ਆ ਗਿਆ ਕਿ ਬਾਦਲਾਂ ਦਾ ਬੇਅਦਬੀ ਮਾਮਲਿਆਂ 'ਚ ਕੋਈ ਹੱਥ ਨਹੀਂ।'' ਭਗਵੰਤ ਮਾਨ ਨੇ ਇਲਜ਼ਾਮ ਲਾਇਆ ਕਿ ਕੈਪਟਨ ਦਾ ਬਾਦਲ ਨੂੰ ਕਲੀਨ ਚਿੱਟ ਦੇਣ ਵਾਲਾ ਬਿਆਨ ਸਿਟ ਦੀ ਜਾਂਚ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ। ਸਿਟ ਲਈ ਸਾਫ਼-ਸਾਫ਼ ਸੰਦੇਸ਼ ਹੈ ਕਿ ਬਾਦਲਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇ।
ਭਗਵੰਤ ਮਾਨ ਨੇ ਇਹ ਵੀ ਪੁੱਛਿਆ ਕਿ ਜਾਂਚ ਸਮਾਂਬੱਧ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਮਾਮਲੇ ਨੂੰ ਵੱਧ ਤੋਂ ਵੱਧ ਲਟਕਾ ਕੇ ਕੈਪਟਨ ਨਾ ਕੇਵਲ ਬਾਦਲਾਂ ਨੂੰ ਬੇਅਦਬੀ ਕਾਂਡ 'ਚੋਂ ਬਚਾ ਰਹੇ ਹਨ, ਸਗੋਂ ਬਾਦਲਾਂ ਦੀ ਸਿਆਸੀ ਤੌਰ 'ਤੇ ਡਿਗ ਚੁੱਕੀ ਸਾਖ ਨੂੰ ਮੁੜ ਉਭਾਰਨਾ ਚਾਹੁੰਦੇ ਹਨ, ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਅਜਿਹੇ ਬਿਆਨ ਦਾ ਇੱਕ ਮਕਸਦ ਇਹ ਵੀ ਹੈ।
ਭਗਵੰਤ ਮਾਨ ਨੇ ਕੈਪਟਨ ਵੱਲੋਂ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਉਣ ਤੱਕ ਸਿਆਸਤ ਨਾ ਛੱਡਣ ਦੇ ਦਾਅਵੇ ਦੀ ਖਿੱਲੀ ਉਡਾਉਂਦਿਆਂ ਕਿਹਾ, ''ਕੈਪਟਨ ਸਾਹਿਬ ਜਦੋਂ ਤੱਕ ਪੰਜਾਬ ਦੀ ਸੱਤਾ 'ਤੇ ਤੁਸੀਂ ਕਾਬਜ਼ ਰਹੋਗੇ ਉਦੋਂ ਤੱਕ ਪੰਜਾਬ ਖ਼ੁਸ਼ਹਾਲੀ ਦੇ ਮਾਮਲੇ 'ਚ ਕਦੇ ਵੀ ਨੰਬਰ ਇੱਕ ਸੂਬਾ ਨਹੀਂ ਬਣ ਸਕਦਾ।'' ਭਗਵੰਤ ਮਾਨ ਅਨੁਸਾਰ ਪੰਜਾਬ ਦਾ ਭਵਿੱਖ ਕੈਪਟਨ ਤੇ ਬਾਦਲ ਪਰਿਵਾਰਾਂ ਤੋਂ ਮੁਕਤ ਸੱਤਾ 'ਚ ਹੈ। ਆਮ ਆਦਮੀ ਪਾਰਟੀ ਇਸ ਦਾ ਇਕਲੌਤਾ ਬਦਲ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)