ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦਾ 6 ਲੱਖ ਰੁਪਏ ਨਾਲ ਸਨਮਾਨ
ਰਾਮ ਸਿੰਘ ਕਿਹਾ ਕਿ ਅਗਰ ਸਰਕਾਰ ਅਪਣੇ ਖੇਤੀ ਕ਼ਾਨੂਨ ਰੱਦ ਨਹੀਂ ਕਰਦੀ ਤਾਂ ਫਿਰ ਕਿਸਾਨ ਵੀ ਪਿੱਛੇ ਹਟਣ ਵਾਲੇ ਨਹੀਂ ਹਨ ਅਤੇ ਉਨ੍ਹਾਂ ਦੇ ਨਾਲ ਮੈਂ ਵੀ ਪਿੱਛੇ ਹਟਣ ਵਾਲਾ ਨਹੀਂ ਹਾਂ।
ਗੁਰਦਾਸਪੁਰ: ਹਰਿਆਣਾ ਦੇ ਰਹਿਣ ਵਾਲੇ ਅਤੇ ਗੋਲਡਨ ਹਟ ਢਾਬਾ ਚਲਾਉਣ ਵਾਲੇ ਰਾਮ ਸਿੰਘ ਰਾਣਾ ਨੇ ਜਦੋਂ ਕਿਸਾਨੀ ਅੰਦੋਲਨ ਵਿਚ ਸਾਥ ਦਿੱਤਾ ਤੇ ਆਪਣਾ ਗੋਲਡਨ ਹਟ ਢਾਬਾ ਕਿਸਾਨਾਂ ਲਈ ਮੁਫ਼ਤ ਖੋਲ ਦਿੱਤਾ ਤਾਂ ਹਰਿਆਣਾ ਸਰਕਾਰ ਵੱਲੋਂ ਗੋਲਡਨ ਹਟ ਬੰਦ ਕਰਵਾਉਣ ਲਈ ਕਈ ਢੰਗ ਤਰੀਕੇ ਅਪਣਾਏ ਗਏ। ਪਰ ਰਾਮ ਸਿੰਘ ਰਾਣਾ ਨੇ ਆਪਣੇ 'ਤੇ ਤਸ਼ੱਦਦ ਝੱਲਿਆ ਪਰ ਕਿਸਾਨਾਂ ਦਾ ਸਾਥ ਨਹੀਂ ਛੱਡਿਆ।
ਜਿਸ ਤੋਂ ਬਾਦ ਹੁਣ ਰਾਮ ਸਿੰਘ ਰਾਣਾ ਨੂੰ ਵੱਖ-ਵੱਖ ਥਾਵਾਂ 'ਤੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਗੁਰਦਾਸਪੁਰ ਦੇ ਪਿੰਡ ਘੋਤ ਪੋਖਰ ਵਿਚ ਸੱਦ ਕੇ 6 ਲੱਖ ਰੁਪਏ ਨਕਦ ਦੇ ਕੇ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਗੋਲਡਨ ਹੱਟ ਢਾਬਾ ਦੇ ਮਾਲਿਕ ਰਾਮ ਸਿੰਘ ਰਾਣਾ ਨੇ ਕਿਹਾ ਕਿ ਮੈਂ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਹਾਂ। ਜਦੋਂ ਮੈਂ ਕਿਸਾਨਾਂ ਦਾ ਸਾਥ ਦਿੱਤਾ ਸੀ ਤਾਂ ਮੇਰੇ ਉਤੇ ਤਸ਼ੱਦਦ ਵੀ ਕੀਤੇ ਗਏ ਸੀ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਸਾਰੀ ਦੁਨੀਆਂ ਦਾ ਢਿੱਡ ਭਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਰ ਸਰਕਾਰ ਅਪਣੇ ਖੇਤੀ ਕ਼ਾਨੂਨ ਰੱਦ ਨਹੀਂ ਕਰਦੀ ਤਾਂ ਫਿਰ ਕਿਸਾਨ ਵੀ ਪਿੱਛੇ ਹਟਣ ਵਾਲੇ ਨਹੀਂ ਹਨ ਅਤੇ ਉਨ੍ਹਾਂ ਦੇ ਨਾਲ ਮੈਂ ਵੀ ਪਿੱਛੇ ਹਟਣ ਵਾਲਾ ਨਹੀਂ ਹਾਂ। ਹਜੇ ਤਾਂ ਕਿਸਾਨੀ ਅੰਦੋਲਨ ਨੂੰ 8 ਮਹੀਂਨੇ ਹੋਏ ਹਨ ਅਗਰ ਇਹ ਅੰਦੋਲਨ 8 ਸਾਲ ਵੀ ਚਲਾਉਣਾ ਪਿਆ ਤਾਂ ਅਸੀ ਚਲਾਵਾਂਗੇ।
ਪਿੰਡ ਘੋਤ ਪੋਖਰ ਦੇ ਸਰਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਅਸੀ ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਦਾ ਸਨਮਾਨ ਕਰਨ ਲਈ ਬੁਲਾਇਆ ਹੈ, ਕਿਉਂਕਿ ਕਿਸਾਨੀ ਅੰਦੋਲਨ ਵਿੱਚ ਰਾਮ ਸਿੰਘ ਰਾਣਾ ਨੇ ਕਿਸਾਨਾਂ ਲਈ ਬਹੁਤ ਕੁਸ਼ ਕੀਤਾ ਹੈ ਅਤੇ ਹੁਣ ਸਾਡਾ ਵੀ ਫਰਜ਼ ਬਣਦਾ ਹੈ, ਕਿ ਅਸੀਂ ਵੀ ਰਾਮ ਸਿੰਘ ਦਾ ਸਨਮਾਨ ਕਰੀਏ।