ਸਕੂਲਾਂ ਵਾਲਿਆਂ ਨੂੰ ਸਖ਼ਤ ਹਿਦਾਇਤਾਂ ! ਜੇ ਕੋਈ ਸਕੂਲ ਨੇੜੇ ਵੀ ਨਸ਼ਾ ਕਰਦਾ ਦਿਖਾਈ ਦਿੱਤਾ ਤਾਂ....
ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਰਮਲ ਉਸੇਪਚਨ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਮਿਲਾ ਕੇ ਕਲੱਬ ਬਣਾਏ ਜਾਣ ਜੋ ਸਕੂਲ ਦੇ ਦੂਸਰੇ ਬੱਚਿਆਂ ਨੂੰ ਨਸ਼ਿਆਂ ਦੀ ਵਰਤੋਂ ਨਾਲ ਹੋਣ ਵਾਲੇ ਮਾੜੇ ਨੁਕਸਾਨਾਂ ਪ੍ਰਤੀ ਜਾਣੂ ਕਰਵਾਉਣ।
Punjab News: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਡਰੱਗ ਫ੍ਰੀ ਪੰਜਾਬ ਮੁਹਿੰਮ ਦਾ ਜਾਇਜਾ ਲੈਣ ਲਈ ਜਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੁੱਖੀਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਐਸ.ਐਸ.ਪੀ. ਹਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਡਾ. ਨਿਰਮਲ ਓਸੇਪਚਨ, ਸਿਵਲ ਸਰਜਨ ਡਾ. ਅਨਿਲ ਕੁਮਾਰ ਗੋਇਲ, ਐਸ.ਡੀ.ਐਮ ਫਰੀਦਕੋਟ ਮੈਡਮ ਬਲਜੀਤ ਕੌਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਸਕੂਲ ਵਿੱਚ ਚੱਲ ਰਹੇ ਰਹੇ ਡੈਪੋ ਪ੍ਰੋਗਰਾਮ ਅਤੇ ਸਮੇਂ ਸਮੇਂ ਤੇ ਕੀਤੀ ਜਾਂਦੀ ਮਾਪੇ ਮਿਲਣੀ ਅਤੇ ਕੋਟਪਾ ਐਕਟ ਆਦਿ ਦਾ ਜਾਇਜਾ ਲੈਣ ਲਈ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਸਕੂਲ ਮੁੱਖੀਆਂ ਨੂੰ ਡਰੱਗ ਫ੍ਰੀ ਪੰਜਾਬ ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ। ਉਨ੍ਹਾਂ ਸਮੂਹ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਮੁਹਿੰਮ ਤਹਿਤ ਬੱਚਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ। ਇਸ ਮੌਕੇ ਉਨ੍ਹਾਂ ਸਕੂਲਾਂ ਵਿੱਚ ਚੱਲ ਰਹੇ ਡੈਪੋ ਪ੍ਰੋਗਰਾਮ ਬਾਰੇ ਵੀ ਵਿਚਾਰ ਚਰਚਾ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਉਹ ਮਹੀਨੇ ਵਿੱਚ ਘੱਟੋਂ ਘੱਟ ਦੋ ਵਾਰ ਮਾਪੇ ਅਧਿਆਪਕ ਮਿਲਣੀ ਜਰੂਰ ਕਰਨ ਤਾਂ ਜੋ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਦਾ ਆਪਸ ਵਿੱਚ ਮਿਲਵਰਤਨ ਵੱਧ ਸਕੇ ਅਤੇ ਬੱਚਿਆਂ ਬਾਰੇ ਸਮੇਂ ਸਮੇਂ ਸਹੀ ਜਾਣਕਾਰੀ ਮਾਪਿਆਂ ਨੂੰ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਬੱਚਿਆਂ ਨੂੰ ਸਮੇਂ ਸਮੇਂ ਤੇ ਨਸ਼ੇ ਦੇ ਬੁਰੇ ਪ੍ਰਕੋਪਾਂ ਬਾਰੇ ਜਾਣੂ ਕਰਵਾਉਣ, ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ।
ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਰਮਲ ਉਸੇਪਚਨ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਮਿਲਾ ਕੇ ਕਲੱਬ ਬਣਾਏ ਜਾਣ ਜੋ ਸਕੂਲ ਦੇ ਦੂਸਰੇ ਬੱਚਿਆਂ ਨੂੰ ਨਸ਼ਿਆਂ ਦੀ ਵਰਤੋਂ ਨਾਲ ਹੋਣ ਵਾਲੇ ਮਾੜੇ ਨੁਕਸਾਨਾਂ ਪ੍ਰਤੀ ਜਾਣੂ ਕਰਵਾਉਣ।
ਸਿਵਲ ਸਰਜਨ ਡਾ. ਅਨਿਲ ਕੁਮਾਰ ਗੋਇਲ ਨੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਕੂਲ ਦੇ ਬਾਹਰ 100 ਮੀਟਰ ਘੇਰੇ ਦੇ ਅੰਦਰ ਏਰੀਏ ਨੂੰ ਤੰਬਾਕੂ ਰਹਿਤ ਏਰੀਆ ਲਿਖ ਕੇ ਬੋਰਡ ਲਗਾਉਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਜਾਂ ਕੋਈ ਨਸ਼ਾਖੋਰ ਸਕੂਲ ਦੇ ਕੋਲ ਨਸ਼ਾ ਨਾ ਕਰੇ ਅਤੇ ਇਸ ਦਾ ਬੁਰਾ ਪ੍ਰਭਾਵ ਬੱਚਿਆਂ ਤੇ ਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਕੂਲ ਬੋਰਡ ਨਹੀਂ ਲਗਾਉਂਦਾ ਤਾਂ ਸਕੂਲ ਨੇੜੇ ਨਸ਼ਾ ਕਰਨ ਵਾਲੇ ਵਿਅਕਤੀ ਦੇ ਨਾਲ ਨਾਲ ਸਕੂਲ ਮੁਖੀ ਨੂੰ ਵੀ ਜੁਰਮਾਨਾ ਕੀਤਾ ਜਾਵੇਗਾ।
ਇਸ ਮੌਕੇ ਐਸ.ਐਮ.ਓ ਡਾ. ਚੰਦਰ ਸ਼ੇਖਰ, ਜਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰਦੀਪ ਦਿਓੜਾ ਤੋਂ ਇਲਾਵਾ ਵੱਖ ਵੱਖ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਮੁੱਖੀ ਹਾਜ਼ਰ ਸਨ।