Gold Loan Fraud: ਗੋਲਡ ਲੋਨ ਦੇ ਨਾਂ 'ਤੇ ਗੁਰਦਾਸਪੁਰ ਦੇ ਵਪਾਰੀ ਨਾਲ ਹੋ ਗਿਆ ਵੱਡਾ ਧੋਖਾ, ਗਵਾਇਆ 35 ਲੱਖ ਦਾ ਸੋਨਾ
Gold Loan Fraud: ਗੁਰਦਾਸਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਪਾਰੀ ਦੇ ਨਾਲ ਲੱਖਾਂ ਦੀ ਠੱਗੀ ਵੱਜ ਗਈ ਹੈ। ਗੋਲਡ ਲੋਨ ਦੇ ਨਾਮ ਉੱਤੇ ਉਸ ਨਾਲ ਠੱਗੀ ਹੋ ਗਈ ਜਿਸ ਵਿੱਚ ਉਸ ਨੇ 35 ਲੱਖ ਦਾ ਸੋਨਾ ਗਵਾ ਲਿਆ ਹੈ।
Gurdaspur Businessman: ਗੁਰਦਾਸਪੁਰ ਸ਼ਹਿਰ ਦੇ ਇੱਕ ਪ੍ਰਮੁੱਖ ਵਪਾਰੀ ਨਾਲ ਗੋਲਡ ਲੋਨ ਦੇ ਨਾਂ ਤੇ ਲੱਖਾਂ ਦੀ ਠੱਗੀ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਇੱਕ ਨਾਮੀ ਬੈਂਕ ਨਾਲ ਜੁੜਿਆ ਹੈ ਪਰ ਬੈਂਕ ਅਧਿਕਾਰੀ ਹੁਣ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਆਓ ਜਾਣਦੇ ਹਾਂ ਪੂਰਾ ਮਾਮਲਾ ਹੈ ਕੀ?
ਗੋਲਡ ਲੋਨ ਲੈਣ ਲਈ ਜਮਾ ਕਰਵਾਇਆ ਸੀ 480 ਗ੍ਰਾਮ ਦੇ ਕਰੀਬ ਸੋਨਾ
ਗੁਰਦਾਸਪੁਰ ਸ਼ਹਿਰ ਦੇ ਵਪਾਰੀ ਲਲਿਤ ਕੁਮਾਰ ਨੇ ਦੱਸਿਆ ਕਿ ਲਾਕਡਾਊਨ ਤੋਂ ਬਾਅਦ ਉਹਨਾਂ ਨੇ ਆਪਣੀ ਪਤਨੀ ਦੇ ਨਾਂ 7 ਮਾਰਚ 2022 ਨੂੰ ਇੱਕ ਨਾਮੀ ਨਿੱਜੀ ਬੈਂਕ ਤੋਂ ਲਗਭਗ 17 ਲੱਖ ਰੁਪਏ ਦਾ ਗੋਲਡ ਲੋਨ (Gold Loan) ਲਿਆ ਅਤੇ ਬਦਲੇ ਵਿੱਚ 480 ਗ੍ਰਾਮ ਦੇ ਕਰੀਬ ਸੋਨਾ ਬੈਂਕ ਵਿੱਚ ਜਮਾ ਕਰਵਾਇਆ ਸੀ। ਇਸ ਦੌਰਾਨ ਇੱਕ ਦੂਜੇ ਨਿੱਜੀ ਬੈਂਕ ਦਾ ਮੁਲਾਜ਼ਮ ਮੁਨੀਸ਼ ਵਰਮਾ ਵੀ ਮੌਜੂਦ ਸੀ। ਪੈਸੇ ਉਹਨਾਂ ਦੇ ਬੈਂਕ ਖਾਤੇ ਵਿੱਚ ਆ ਗਏ ਪਰ ਮਨੀਸ਼ ਵਰਮਾ ਵੱਲੋਂ ਉਹਨਾਂ ਨੂੰ ਬਿਨਾਂ ਦੱਸੇ 12 ਅਕਤੂਬਰ 2022 ਨੂੰ ਆਪਣੇ ਕੋਲੋਂ 18 ਲੱਖ ਰੁਪਏ ਦੇ ਕਰੀਬ ਨਕਦੀ ਜਮਾ ਕਰਵਾ ਕੇ ਸਾਰੇ ਦਾ ਸਾਰਾ ਸੋਨਾ ਬੈਂਕ ਕੋਲੋਂ ਛੁਡਵਾ ਲਿਆ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਬੈਂਕ ਨੇ ਬਿਨਾਂ ਖਾਤਾ ਧਾਰਕ ਜਾਂ ਉਸ ਦੇ ਨੋਮੀਨੀ (nominee) ਦੀ ਮੌਜੂਦਗੀ ਵਿੱਚ ਸਾਰਾ ਸੋਨਾ ਉਸ ਦੇ ਹਵਾਲੇ ਕਰ ਦਿੱਤਾ।
ਲਲਿਤ ਕੁਮਾਰ ਅਨੁਸਾਰ ਇਸ ਤੋਂ ਬਾਅਦ ਮਾਰਚ 2023 ਵਿੱਚ ਉਕਤ ਮਨੀਸ਼ ਵਰਮਾ ਵੱਲੋਂ ਉਹਨਾਂ ਕੋਲੋਂ ਇਕ ਲੱਖ 65 ਹਜਾਰ ਰੁਪਏ ਇਸ ਕਰਜ਼ੇ ਦੀ ਕਿਸ਼ਤ ਦੇ ਰੂਪ ਵਿੱਚ ਵੀ ਲਏ ਗਏ ਪਰ ਫਿਰ ਵੀ ਨਹੀਂ ਦੱਸਿਆ ਕਿ ਉਹਨਾਂ ਦਾ ਸੋਨਾ ਮਨੀਸ਼ ਵਰਮਾ ਆਪ ਦੱਬ ਚੁੱਕਿਆ ਹੈ।
ਠੱਗੀ ਦੀ ਸ਼ਿਕਾਇਤ ਪੁਲਿਸ ਵਿਖੇ ਕੀਤੀ ਗਈ
ਲਲਿਤ ਕੁਮਾਰ ਅਨੁਸਾਰ ਤਿੰਨ ਮਹੀਨੇ ਪਹਿਲਾਂ ਖੁਲਾਸੇ ਹੋਣੇ ਸ਼ੁਰੂ ਹੋਏ ਕਿ ਉਕਤ ਬੈਂਕ ਕਰਮਚਾਰੀ ਮਨੀਸ਼ ਵਰਮਾ ਵੱਲੋਂ ਕਈ ਲੋਕਾਂ ਦੇ ਨਾਂ 'ਤੇ ਕਰਜ਼ਾ ਲੈ ਕੇ ਪੈਸੇ ਹੜਪ ਲਏ ਗਏ ਹਨ ਜਿਸ ਦੀ ਸ਼ਿਕਾਇਤ ਬੈਂਕ ਨੂੰ ਕੀਤੀ ਗਈ ਹੈ ਅਤੇ ਬੈਂਕ ਵੱਲੋਂ ਉਸ ਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ ਤਾਂ ਉਨ੍ਹਾਂ ਨੇ ਬੈਂਕ ਜਾ ਕੇ ਆਪਣੇ ਸੋਨੇ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹਨਾਂ ਦੇ ਕਰਜ਼ੇ ਦੀ ਰਕਮ ਸਾਰੀ ਦੀ ਸਾਰੀ ਵਿਆਜ਼ ਸਮੇਤ ਜਮਾ ਕਰਵਾ ਦਿੱਤੀ ਗਈ ਹੈ ਅਤੇ ਸੋਨਾ ਵਾਪਸ ਲੈ ਲਿਆ ਗਿਆ ਹੈ। ਪਰ ਬੈਂਕ ਅਧਿਕਾਰੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹਨ। ਜਦੋਂ ਇਸ ਦੇ ਕਾਗਜ਼ ਅਤੇ ਸੀਸੀਟੀਵੀ ਫੁਟੇਜ ਬੈਂਕ ਅਧਿਕਾਰੀਆਂ ਨੂੰ ਦਿਖਾਉਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ। ਬੈਂਕ ਅਧਿਕਾਰੀਆਂ ਨੇ ਹਾਇਰ ਅਥੋਰਟੀ ਦੀ ਇਜਾਜ਼ਤ ਤੋਂ ਬਗੈਰ ਪੱਤਰਕਾਰਾਂ ਅੱਗੇ ਵੀ ਆਪਣਾ ਪੱਖ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ। ਹੁਣ ਲਲਿਤ ਕੁਮਾਰ ਵੱਲੋਂ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
ਲਲਿਤ ਕੁਮਾਰ ਵੱਲੋਂ ਮਾਮਲਾ ਐਸਐਸਪੀ ਦੇ ਅੱਗੇ ਪੇਸ਼ ਹੋ ਕੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਐਸਐਸਪੀ ਦਾਇਮਾ ਹਰੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਅਮੋਲਕ ਸਿੰਘ ਵਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਅਮੋਲਕ ਸਿੰਘ ਨੇ ਦੱਸਿਆ ਕਿ ਯੈਸ ਬੈਂਕ ਦੇ ਇੱਕ ਕਰਮਚਾਰੀ ਖਿਲਾਫ ਲਲਿਤ ਕੁਮਾਰ ਨੇ ਉਹਨਾਂ ਦਾ 35 ਲੱਖ ਦੇ ਕਰੀਬ ਦਾ ਸੋਨਾ ਧੋਖੇ ਨਾਲ ਬੈਂਕ ਕੋਲੋਂ ਛਡਾਉਣ ਦੇ ਦੋਸ਼ ਲਗਾਏ ਹਨ ਅਤੇ ਅੱਠ ਦੇ ਕਰੀਬ ਲੋਕਾਂ ਵੱਲੋਂ ਵੀ ਯੈਸ ਬੈਂਕ ਦੇ ਇਸੇ ਕਰਮਚਾਰੀ ਖਿਲਾਫ ਉਹਨਾਂ ਦੇ ਨਾਂ ਤੇ ਕਰਜ਼ਾ ਲੈ ਕੇ ਪੈਸੇ ਹੜਪਣ ਦਾ ਦੋਸ਼ ਲਗਾਇਆ ਗਿਆ ਹੈ। ਬੈਂਕਾਂ ਕੋਲੋਂ ਰਿਕਾਰਡ ਮੰਗਿਆ ਗਿਆ ਹੈ। ਜਲਦੀ ਹੀ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।
(ਰਿਪੋਰਟਰ -ਸਤਨਾਮ ਸਿੰਘ ਗੁਰਦਾਸਪੁਰ)