ਰਾਸ਼ਨਕਾਰਡ ਕੱਟੇ ਜਾਣ ਦਾ ਪੁੱਛਿਆ ਕਾਰਨ ਤਾਂ ਪੁਲਿਸ ਨੇ ਹਿਰਾਸਤ 'ਚ ਲਿਆ
ਇਹ ਘਟਨਾ ਸ਼ੁੱਕਰਵਾਰ ਸਵੇਰ ਦੀ ਹੈ ਅਤੇ ਦੇਰ ਰਾਤ ਤਕ ਇਨ੍ਹਾਂ ਲੋਕਾਂ ਨੂੰ ਦੀਨਾਨਗਰ ਪੁਲਿਸ ਵੱਲੋਂ ਥਾਣੇ 'ਚ ਹਿਰਾਸਤ 'ਚ ਰੱਖਿਆ ਹੈ ਜਿਸ ਦੇ ਰੋਸ ਵਜੋਂ ਅਕਾਲੀ ਦਲ ਅਤੇ ਬੀਜੇਪੀ ਦੇ ਸਥਾਨਕ ਲੀਡਰਾਂ ਵੱਲੋਂ ਆਪਣੇ ਪਾਰਟੀ ਵਰਕਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ।
ਗੁਰਦਾਸਪੁਰ: ਦੀਨਾਨਗਰ ਦੇ ਪਿੰਡ ਕੇਸਲ 'ਚ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਦੇਣ ਪਹੁੰਚੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਪਿੰਡ ਦੀਆਂ ਕੁਝ ਔਰਤਾਂ ਨੇ ਉਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਦਾ ਕਾਰਨ ਪੁੱਛਿਆ ਤਾਂ ਪੁਲਿਸ ਨੇ ਔਰਤ ਤੇ ਉਸ ਦੇ ਪਤੀ ਨੂੰ ਹਿਰਾਸਤ 'ਚ ਲੈ ਲਿਆ। ਜਦੋਂ ਉਨ੍ਹਾਂ ਦੇ ਸਮਰਥਨ 'ਚ ਇਕ ਬੀਜੇਪੀ ਮਹਿਲਾ ਲੀਡਰ ਨੇ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਵੀ ਹਿਰਾਸਤ 'ਚ ਲੈ ਲਿਆ।
ਇਸ ਦੇ ਵਿਰੋਧ 'ਚ ਬੀਜੇਪੀ ਕਾਰਕੁੰਨਾਂ ਤੇ ਅਕਾਲੀ ਦਲ ਦੇ ਵਰਕਰਾਂ ਨੇ ਦੀਨਾਨਗਰ ਥਾਣੇ ਅੱਗੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮਾਮਲੇ ਨੂੰ ਲੈਕੇ ਪੁਲਿਸ ਤੇ ਬੀਜੇਪੀ ਵਰਕਰਾਂ 'ਚ ਧੱਕਾ ਮੁੱਕੀ ਹੋਈ। ਇਸ ਦੌਰਾਨ ਬੀਜੇਪੀ ਦੀ ਮਹਿਲਾ ਲੀਡਰ ਗੁਰਮੀਤ ਕੌਰ ਬੇਹੋਸ਼ ਹੋ ਗਈ।
ਮਾਮਲਾ ਕੱਲ੍ਹ ਸ਼ਾਮ ਦਾ ਹੈ ਜਦ ਵਿਧਾਨ ਸਭਾ ਹਲਕਾ ਦੀਨਾਨਗਰ ਦੀ ਵਿਧਾਇਕ ਅਤੇ ਪੰਜਾਬ ਦੀ ਮੰਤਰੀ ਅਰੁਣਾ ਚੌਧਰੀ ਆਪਣੇ ਹਲਕੇ ਦੇ ਪਿੰਡ ਕੇਸਲ ਵਿੱਚ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਦੇਣ ਪਹੁੰਚੀ ਅਤੇ ਉੱਥੇ ਕੁੱਝ ਪਰਿਵਾਰਾਂ ਦੀਆ ਔਰਤਾਂ ਨੇ ਉਹਨਾਂ ਦਾ ਕਾਰਡ ਕੱਟੇ ਜਾਣ ਨੂੰ ਲੈਕੇ ਅਵਾਜ਼ ਉਠਾਈ ਤਾ ਅਵਾਜ਼ ਚੁੱਕਣ ਵਾਲੇ ਲੋਕਾਂ 'ਚੋਂ ਪਤੀ-ਪਤਨੀ ਤੇ ਉਨ੍ਹਾਂ ਦਾ ਸਾਥ ਦੇ ਰਹੀ ਬੀਜੇਪੀ ਦੀ ਮਹਿਲਾ ਲੀਡਰ ਨੂੰ ਵੀ ਪੁਲਿਸ ਨੇ ਜ਼ਬਰਦਸਤੀ ਹਿਰਾਸਤ 'ਚ ਲੈ ਲਿਆ।
ਇਹ ਘਟਨਾ ਸ਼ੁੱਕਰਵਾਰ ਸਵੇਰ ਦੀ ਹੈ ਅਤੇ ਦੇਰ ਰਾਤ ਤਕ ਇਨ੍ਹਾਂ ਲੋਕਾਂ ਨੂੰ ਦੀਨਾਨਗਰ ਪੁਲਿਸ ਵੱਲੋਂ ਥਾਣੇ 'ਚ ਹਿਰਾਸਤ 'ਚ ਰੱਖਿਆ ਹੈ ਜਿਸ ਦੇ ਰੋਸ ਵਜੋਂ ਅਕਾਲੀ ਦਲ ਅਤੇ ਬੀਜੇਪੀ ਦੇ ਸਥਾਨਕ ਲੀਡਰਾਂ ਵੱਲੋਂ ਆਪਣੇ ਪਾਰਟੀ ਵਰਕਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੇ ਦਬਾਅ ਹੇਠ ਜ਼ਖ਼ਮੀ ਬੀਜੇਪੀ ਮਹਿਲਾ ਲੀਡਰ ਨੂੰ ਐਮਬੂਲੈਂਸ ਜ਼ਰੀਏ ਦੇਰ ਸ਼ਾਮ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ 'ਚ ਭੇਜਿਆ ਗਿਆ।
ਦੂਸਰੇ ਪਾਸੇ ਇਸ ਮਾਮਲੇ 'ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਕਿਸੇ ਦਾ ਵੀ ਕਾਰਡ ਨਹੀਂ ਕੱਟਿਆ ਗਿਆ ਅਤੇ ਉਲਟ ਲੋਕਾਂ ਦੇ ਸਮਾਰਟ ਕਾਰਡ ਬਿਨਾਂ ਕਿਸੇ ਭੇਦਭਾਵ ਦੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਉਨ੍ਹਾਂ ਦੇ ਚੱਲ ਰਹੇ ਸਮਾਗਮ 'ਚ ਪੁਲਿਸ ਨੇ ਹਿਰਾਸਤ 'ਚ ਨਹੀਂ ਲਿਆ। ਇਸ ਮਾਮਲੇ ਬਾਰੇ ਪੁਲਿਸ ਕੈਮਰੇ ਸਾਹਮਣੇ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਸੀ।