ਰਾਸ਼ਟਰਮੰਡਲ ਖੇਡਾਂ `ਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਹਰਜਿੰਦਰ ਕੌਰ ਨੂੰ ਰਾਜਸਭਾ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ 5 ਲੱਖ ਦੇਣ ਦਾ ਐਲਾਨ
ਵੇਟਲਿਫ਼ਟਿੰਗ `ਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਹਰਜਿੰਦਰ ਕੌਰ ਨੂੰ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ 5 ਲੱਖ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਚੰਡੀਗੜ੍ਹ: ਕਾਮਨਵੈਲਥ ਖੇਡਾਂ `ਚ ਭਾਰਤ ਦਾ ਨਾਂ ਪੂਰੀ ਦੁਨੀਆ `ਚ ਰੌਸ਼ਨ ਹੋ ਰਿਹਾ ਹੈ। ਇਸ ਵਿੱਚ ਕਈ ਪੰਜਾਬੀਆਂ ਨੇ ਵੀ ਮੈਡਲ ਜਿੱਤੇ ਹਨ। ਇਸ ਦੌਰਾਨ ਵੇਟਲਿਫ਼ਟਿੰਗ `ਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਹਰਜਿੰਦਰ ਕੌਰ ਨੂੰ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ 5 ਲੱਖ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨਾਂ ਨੇ ਹਰਜਿੰਦਰ ਕੌਰ ਨੂੰ ਆਪਣੀ ਐਨਜੀਓ `ਚ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਦਾ ਐਨਜੀਓ ਪੰਜਾਬ `ਚ ਵਿਸ਼ਵ ਪੱਧਰੀ ਹੁਨਰ ਕੇਂਦਰ ਤੇ ਡਰੱਗ ਰੀਹੈਬ ਸੈਂਟਰ ਚਲਾ ਰਿਹਾ ਹੈ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਬਰਮਿੰਘਮ ਖੇਡਾਂ 2022 ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਪੰਜਾਬ ਦੀ ਵੇਟਲਿਫਟਰ ਹਰਜਿੰਦਰ ਕੌਰ ਨੂੰ 40 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ।
ਕਾਬਿਲੇਗ਼ੌਰ ਹੈ ਕਿ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਵੇਟਲਿਫਟਰ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ ਅਤੇ ਅਚਿੰਤਾ ਸ਼ਿਉਲੀ ਨੇ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਬਿੰਦਿਆਰਾਣੀ ਦੇਵੀ ਨੇ ਚਾਂਦੀ, ਹਰਜਿੰਦਰ ਕੌਰ ਨੇ ਕਾਂਸੀ, ਸੰਕੇਤ ਮਹਾਦੇਵ ਨੇ ਚਾਂਦੀ ਅਤੇ ਗੁਰੂਰਾਜ ਪੁਜਾਰੀ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਪਿਛਲੇ ਐਡੀਸ਼ਨ ਵਿੱਚ ਭਾਰਤ ਨੇ ਵੇਟਲਿਫਟਿੰਗ ਵਿੱਚ 9 ਤਗਮੇ ਜਿੱਤੇ ਸਨ।
ਹਰਜਿੰਦਰ ਕੌਰ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋਗ੍ਰਾਮ ਕੁੱਲ 212 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਈਵੈਂਟ ਦਾ ਸੋਨ ਤਮਗਾ ਇੰਗਲੈਂਡ ਦੀ ਸਾਰਾਹ ਡੇਵਿਸ ਨੇ ਜਿੱਤਿਆ ਜਦੋਂਕਿ ਚਾਂਦੀ ਦਾ ਤਗਮਾ ਕੈਨੇਡਾ ਦੇ ਅਲੈਕਸਿਸ ਐਸ਼ਵਰਥ ਨੇ ਜਿੱਤਿਆ। ਸਨੈਚ ਵਿੱਚ ਹਰਜਿੰਦਰ ਦੀ 90 ਕਿਲੋਗ੍ਰਾਮ ਦੀ ਪਹਿਲੀ ਕੋਸ਼ਿਸ਼ ਅਸਫਲ ਰਹੀ, ਪਰ ਦੂਜੀ ਕੋਸ਼ਿਸ਼ ਵਿੱਚ ਸਫਲਤਾਪੂਰਵਕ ਇਸ ਨੂੰ ਚੁੱਕਣ ਤੋਂ ਬਾਅਦ ਉਸ ਨੇ ਤੀਜੀ ਕੋਸ਼ਿਸ਼ ਵਿੱਚ 93 ਕਿਲੋ ਭਾਰ ਚੁੱਕਿਆ। ਉਸ ਨੇ ਇਸ ਤੋਂ ਬਾਅਦ ਕਲੀਨ ਐਂਡ ਜਰਗ ਵਿਚ 113, 116 ਅਤੇ ਫਿਰ 119 ਕਿਲੋਗ੍ਰਾਮ ਦਾ ਭਾਰ ਸਫਲਤਾਪੂਰਵਕ ਚੁੱਕਿਆ।