Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਸਾਲ ਭਰ ਤੋਂ ਕੇਂਦਰ ਸਰਕਾਰ ਖਿਲਾਫ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਅੰਦੋਲਨ ਵਿੱਚ ਨੌਜਵਾਨਾਂ ਦੇ ਨਾਲ ਹੀ ਬੱਚੇ, ਔਰਤਾਂ ਤੇ ਬਜ਼ੁਰਗ ਵੀ ਆਪਣਾ ਯੋਗਦਾਨ ਪਾ ਰਹੇ ਹਨ। ਅੱਜ ਪੰਜਾਬ ਬੰਦ ਦੌਰਾਨ ਕੜਾਕੇ
Farmers Protest: ਸਾਲ ਭਰ ਤੋਂ ਕੇਂਦਰ ਸਰਕਾਰ ਖਿਲਾਫ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਅੰਦੋਲਨ ਵਿੱਚ ਨੌਜਵਾਨਾਂ ਦੇ ਨਾਲ ਹੀ ਬੱਚੇ, ਔਰਤਾਂ ਤੇ ਬਜ਼ੁਰਗ ਵੀ ਆਪਣਾ ਯੋਗਦਾਨ ਪਾ ਰਹੇ ਹਨ। ਅੱਜ ਪੰਜਾਬ ਬੰਦ ਦੌਰਾਨ ਕੜਾਕੇ ਦੀ ਠੰਢ ਵਿੱਚ 80 ਸਾਲਾ ਬਜ਼ੁਰਗ ਕਿਸਾਨ ਵੀ ਕਿਸਾਨੀ ਝੰਡਾ ਹੱਥ ਵਿੱਚ ਫੜ ਕੇ ਸੜਕ ਜਾਮ ਕਰਨ ਪਹੁੰਚ ਗਿਆ। ਬਜ਼ੁਰਗ ਕਿਸਾਨ ਨੇ ਕਿਹਾ ਕਿ ਉਹ ਆਪਣੇ ਹੱਕਾਂ ਲਈ ਲੜਦੇ ਰਹਿਣਗੇ।
ਦਰਅਸਲ ਕਿਸਾਨਾਂ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਐਲਾਨ ਕੀਤਾ ਹੈ। ਇਸ ਤਹਿਤ ਚੰਡੀਗੜ੍ਹ-ਲੁਧਿਆਣਾ ਹਾਈਵੇ ਉਪਰ ਪੈਂਦੇ ਸ਼ਹਿਰ ਸਮਰਾਲਾ ਵਿੱਚ ਵੀ ਕਿਸਾਨ ਜਥੇਬੰਦੀਆਂ ਸਵੇਰੇ 7 ਵਜੇ ਤੋਂ ਹੀ ਸਮਰਾਲਾ ਦੇ ਮੇਨ ਚੌਕ ਵਿੱਚ ਪਹੁੰਚ ਗਏ। ਉਨ੍ਹਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਵੱਲੋਂ ਆਉਣ-ਜਾਣ ਵਾਲੇ ਸਾਰੇ ਵਾਹਨਾਂ ਨੂੰ ਰੋਕਿਆ ਗਿਆ ਪਰ ਲੋੜੀਂਦੀਆਂ ਸੇਵਾਵਾਂ ਵਾਲਿਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ।
ਇੱਥੇ ਹੀ ਇੱਕ 80 ਸਾਲਾ ਬਜ਼ੁਰਗ ਵੀ ਦੇਖਣ ਨੂੰ ਮਿਲਿਆ ਜੋ ਇੰਨੀ ਠੰਢ ਵਿੱਚ ਸਵੇਰੇ 7 ਵਜੇ ਹੀ ਸਮਰਾਲਾ ਦੇ ਚੌਂਕ ਵਿੱਚ ਕਿਸਾਨੀ ਝੰਡਾ ਹੱਥ ਵਿੱਚ ਫੜ ਕੇ ਆ ਗਿਆ। ਉਸ ਦਾ ਨਾਂ ਰੁਲਦਾ ਸਿੰਘ ਹੈ ਜੋ ਪਿੰਡ ਬਰਮਾ ਦਾ ਨਿਵਾਸੀ ਹੈ। ਬਜ਼ੁਰਗ ਕਿਸਾਨ ਨੇ ਦੱਸਿਆ ਕਿ ਕਿਸਾਨ ਪਿਛਲੇ ਦੋ ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਅੰਦੋਲਨ ਕਰ ਰਹੇ ਹਨ। ਮੈਂ ਵੀ ਕਿਸਾਨ ਹਾਂ ਤੇ ਮੈਨੂੰ ਵੀ ਇਹ ਲੱਗ ਰਿਹਾ ਹੈ ਕਿ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ।
ਦੱਸ ਦਈਏ ਕਿ ਕਿਸਾਨਾਂ ਅੰਦੋਲਨ ਦੇ ਹੱਕ ਵਿੱਚ ਅੱਜ ਪੰਜਾਬ ਬੰਦ ਹੈ। ਕਿਸਾਨਾਂ ਨੇ ਸਵੇਰੇ 7 ਵਜੇ ਹੀ ਸੜਕਾਂ ਜਾਮ ਕਰ ਦਿੱਤੀਆਂ। ਪਹਿਲਾਂ ਹੀ ਪਤਾ ਹੋਣ ਕਰਕੇ ਲੋਕ ਵੀ ਵਾਹਨ ਲੈ ਕੇ ਸੜਕਾਂ ਉਪਰ ਘੱਟ ਹੀ ਨਿਕਲ ਰਹੇ ਹਨ। ਪ੍ਰਾਈਵੇਟ ਤੇ ਸਰਕਾਰੀ ਬੱਸ ਯੂਨੀਅਨਾਂ ਨੇ ਵੀ ਕਿਸਾਨਾਂ ਦੀ ਹਮਾਇਤ ਵਿੱਚ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਲਈ ਸੜਕਾਂ ਉਪਰ ਟਾਂਵੇਂ-ਟਾਂਵੇਂ ਵਾਹਨ ਹੀ ਦਿਖਾਈ ਦੇ ਰਹੇ ਹਨ।
ਪੰਜਾਬ ਬੰਦ ਦੇ ਚਲਦਿਆਂ ਸਵੇਰੇ 7 ਵਜੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੂਬੇ ਵਿੱਚ ਇੱਕ 140 ਤੋਂ ਵੱਧ ਥਾਵਾਂ ਤੇ ਡੇਰੇ ਲਾ ਲਾਉਂਦਿਆਂ ਸੜਕੀ ਤੇ ਰੇਲ ਆਵਾਜਾਈ ਬੰਦ ਕਰ ਦਿੱਤੀ। ਹਾਲਾਂਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਅੱਜ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਵਿੱਚ ਸੂਬੇ ਦੀਆਂ ਵੱਡੀ ਗਿਣਤੀ ਵਿੱਚ ਵਪਾਰੀ, ਧਾਰਮਿਕ, ਮੁਲਾਜ਼ਮ, ਵਿਦਿਆਰਥੀ, ਟਰਾਂਸਪੋਰਟਰ ਤੇ ਹੋਰਨਾਂ ਜਥੇਬੰਦੀਆਂ ਵੀ ਨਿੱਤਰ ਆਈਆਂ ਹਨ ਜਿਨ੍ਹਾਂ ਵੱਲੋਂ ਅੱਜ ਪੰਜਾਬ ਬੰਦ ਵਿੱਚ ਸਹਿਯੋਗ ਕੀਤਾ ਜਾ ਹਿਰਾ ਹੈ।
ਦੱਸ ਦਈਏ ਕਿ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਅੱਜ ਪੰਜਾਬ ਬੰਦ ਕੀਤਾ ਹੈ। ਅੱਜ ਬਾਜ਼ਾਰ ਤੇ ਹੋਰ ਅਦਾਰੇ ਵੀ ਬੰਦ ਹਨ। ਬੱਸਾਂ ਵੀ ਨਹੀਂ ਚੱਲ ਰਹੀਆਂ। ਸੂਬੇ 'ਚ 52 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ 22 ਦੇ ਰੂਟ ਬਦਲੇ ਗਏ ਹਨ।