Punjab News: ਪੰਜਾਬ ਦੀ ਅਫ਼ਸਰਸ਼ਾਹੀ 'ਚ ਭ੍ਰਿਸ਼ਟ ਅਫ਼ਸਰਾਂ ਦੀ ਲਿਸਟ ਬਣਨੀ ਤਿਆਰ, ਦਾਗੀ ਮੁਲਾਜ਼ਮਾਂ 'ਤੇ ਹੋਣ ਵਾਲੀ ਵੱਡੀ ਕਾਰਵਾਈ
Punjab Corrupt Officer List: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਗ੍ਰਹਿ ਵਿਭਾਗ ਨੂੰ ਸੂਬੇ ਦੀ ਅਫ਼ਸਰਸ਼ਾਹੀ ਅੰਦਰ ਕਾਲੀਆਂ ਭੇਡਾਂ ਦੀ ਤਲਾਸ਼ ਕਰਨ ਅਤੇ ਉਹਨਾਂ ਖਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ।
Punjab Corrupt Officer List: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਗ੍ਰਹਿ ਵਿਭਾਗ ਨੂੰ ਸੂਬੇ ਦੀ ਅਫ਼ਸਰਸ਼ਾਹੀ ਅੰਦਰ ਕਾਲੀਆਂ ਭੇਡਾਂ ਦੀ ਤਲਾਸ਼ ਕਰਨ ਅਤੇ ਉਹਨਾਂ ਖਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜਿਸ 'ਤੇ ਅਸਰ ਕਰਦਿਆਂ ਗ੍ਰਹਿ ਵਿਭਾਗ ਨੇ ਕਰੱਪਟ ਅਫ਼ਸਰਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੀ ਲਿਸਟ ਤਿਆਰ ਕਰਕੇ ਸਪੀਕਰ ਕੁਲਤਾਰ ਸੰਧਵਾ ਨੂੰ ਸੌਂਪੀ ਜਾਵੇਗੀ।
ਵਿਭਾਗ ਨੇ ਉਨ੍ਹਾਂ ਸਾਰੇ ਪੁਲੀਸ ਅਧਿਕਾਰੀਆਂ/ਮੁਲਾਜ਼ਮਾਂ ਦੀ ਸੂਚੀ ਤਿਆਰ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਖਿਲਾਫ਼ ਪੁਲੀਸ ਜਾਂ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਸਪੀਕਰ ਨੂੰ ਇਹ ਸੂਚੀ ਅਗਲੇ ਹਫ਼ਤੇ ਭੇਜੀ ਜਾਣੀ ਹੈ। ਸਰਕਾਰੀ ਸੂਤਰਾਂ ਮੁਤਾਬਕ ਅਜਿਹੇ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਅਤੇ ਇਨ੍ਹਾਂ ਵਿੱਚ ਹਰੇਕ ਖ਼ਿਲਾਫ਼ ਕੀਤੀ ਗਈ ਕਾਰਵਾਈ ਅਤੇ ਉਨ੍ਹਾਂ ਦੇ ਕੇਸਾਂ ਦੀ ਕਾਨੂੰਨੀ ਸਥਿਤੀ ਦਾ ਵੇਰਵਾ ਇਕੱਠਾ ਕਰਨ ਵਿੱਚ ਸਮਾਂ ਲੱਗੇਗਾ।
ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਨੇ 2016-17 ਦੀ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਨਸ਼ਾ ਤਸਕਰੀ ਦੇ ਕੇਸਾਂ 'ਚੋਂ 756 ਮੁਲਜ਼ਮ ਬਰੀ ਹੋਏ ਸਨ, ਜਿਨ੍ਹਾਂ 'ਚੋਂ 532 ਮੁਲਜ਼ਮ (ਜੋ 70 ਫ਼ੀਸਦੀ ਬਣਦੇ ਹਨ) ਪੁਲੀਸ ਮੁਲਾਜ਼ਮਾਂ ਦੀ ਨੁਕਸਦਾਰ ਗਵਾਹੀ ਕਰਕੇ ਬਰੀ ਹੋਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿਛਲੇ ਸਮੇਂ ਦੌਰਾਨ ਅਜਿਹੇ ਸਿਪਾਹੀਆਂ ਅਤੇ ਹੌਲਦਾਰਾਂ ਨੂੰ ਬਦਲਣ ਲਈ ਕਿਹਾ ਸੀ, ਜਿਨ੍ਹਾਂ ਦੀ ਲੰਮੇ ਅਰਸੇ ਤੋਂ ਇੱਕ ਪੁਲੀਸ ਥਾਣੇ ਵਿਚ ਤਾਇਨਾਤੀ ਹੈ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਸਪੀਕਰ ਨੇ ਆਪਣੇ ਹਲਕੇ ਦੇ ਏਐੱਸਆਈ ਬੋਹੜ ਸਿੰਘ ਦੇ ਹਵਾਲੇ ਨਾਲ ਪੁਲੀਸ ਵਿਚ ‘ਕਾਲੀਆਂ ਭੇਡਾਂ ਹੋਣ ਦੀ ਗੱਲ ਸਦਨ ਵਿਚ ਰੱਖਦਿਆਂ ਬੋਹੜ ਸਿੰਘ ਦੇ ਮਾਮਲੇ ਵਿਚ ਡੀਜੀਪੀ ਤੋਂ ਰਿਪੋਰਟ ਮੰਗੀ ਸੀ।
ਗ੍ਰਹਿ ਵਿਭਾਗ ਵੱਲੋਂ ਇਨ੍ਹਾਂ ਕਾਲੀਆਂ ਭੇਡਾਂ' ਦੀ ਪਛਾਣ ਕਰਕੇ ਸੂਚੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੋਂਪੀ ਜਾਣੀ ਹੈ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਸਪੀਕਰ ਸੰਧਵਾਂ ਨੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਪੰਜਾਬ ਪੁਲੀਸ ਤੇ ਹੋਰਨਾਂ ਵਿਭਾਗਾਂ ਵਿਚਲੀਆਂ ਕਾਲੀਆਂ ਭੇਡਾਂ ਦੀ ਪਛਾਣ ਕਰਨ ਵਾਸਤੇ ਕਿਹਾ ਸੀ। ਗ੍ਰਹਿ ਵਿਭਾਗ ਨੇ ਸਪੀਕਰ ਤੋਂ ਇਸ ਪੂਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ 10 ਦਿਨ ਦਾ ਸਮਾਂ ਮੰਗਿਆ ਹੈ।