Roadways Employees Strike: ਪੰਜਾਬ 'ਚ 2800 ਦੇ ਕਰੀਬ ਬੱਸਾਂ ਨੂੰ ਲੱਗੀ ਬ੍ਰੇਕ, ਸਵਾਰੀਆਂ 'ਚ ਹਾਹਾਕਾਰ
Roadways Employees Strike: ਪੰਜਾਬ ਵਿੱਚ ਰੋਡਵੇਜ਼ ਮੁਲਾਜ਼ਮਾਂ ਨੇ ਚੱਕਾ ਜਾਮ ਕਰ ਦਿੱਤਾ ਹੈ। ਪੀਆਰਟੀਸੀ ਤੇ ਪਨਬੱਸ ਦੇ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਹਨ। ਇਸ ਲਈ ਪੂਰੇ ਸੂਬੇ ਵਿੱਚ ਅੱਜ ਰੋਡਵੇਜ਼ ਦੀਆਂ ਬੱਸ ਸੇਵਾਵਾਂ ਬੰਦ ਹਨ।
Roadways Employees Strike: ਪੰਜਾਬ ਵਿੱਚ ਰੋਡਵੇਜ਼ ਮੁਲਾਜ਼ਮਾਂ ਨੇ ਚੱਕਾ ਜਾਮ ਕਰ ਦਿੱਤਾ ਹੈ। ਪੀਆਰਟੀਸੀ ਤੇ ਪਨਬੱਸ ਦੇ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਹਨ। ਇਸ ਲਈ ਪੂਰੇ ਸੂਬੇ ਵਿੱਚ ਅੱਜ ਰੋਡਵੇਜ਼ ਦੀਆਂ ਬੱਸ ਸੇਵਾਵਾਂ ਬੰਦ ਹਨ। ਇਸ ਕਾਰਨ ਬੱਸ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਲਗਾਤਾਰ ਵਧਾਉਣ ਕਾਰਨ ਰੋਡਵੇਜ਼ ਮੁਲਾਜ਼ਮਾਂ ਵਿੱਚ ਰੋਸ ਹੈ।
ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਇਸ ਨਾਲ ਸੂਬੇ ਭਰ ਦੇ ਸਾਰੇ ਰੂਟ ਪ੍ਰਭਾਵਿਤ ਹੋਏ ਹਨ। ਪੀਆਰਟੀਸੀ ਤੇ ਪਨਬੱਸ ਵੱਲੋਂ 2800 ਦੇ ਕਰੀਬ ਬੱਸਾਂ ਰੋਕੀਆਂ ਗਈਆਂ ਹਨ। ਇਸ ਤੋਂ ਇਲਾਵਾ ਦਿੱਲੀ, ਹਰਿਆਣਾ, ਹਿਮਾਚਲ ਤੇ ਜੰਮੂ ਸਮੇਤ ਚਾਰ ਰਾਜਾਂ ਦੀਆਂ ਲੰਬੇ ਰੂਟ ਦੀਆਂ ਬੱਸ ਸੇਵਾਵਾਂ ਨੂੰ ਵੀ ਰੋਕ ਦਿੱਤਾ ਗਿਆ ਹੈ।
ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਅੱਜ ਦੁਪਹਿਰ 12.30 ਵਜੇ ਮੀਟਿੰਗ ਤੈਅ ਕੀਤੀ ਗਈ ਹੈ। ਮੀਟਿੰਗ ਵਿੱਚ ਨਾਰਾਜ਼ ਸਮੂਹ ਮੁਲਾਜ਼ਮ ਆਪਣੀਆਂ ਮੰਗਾਂ ਪੰਜਾਬ ਸਰਕਾਰ ਅੱਗੇ ਰੱਖਣਗੇ ਪਰ ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਵਾਰ ਸਿਰਫ਼ ਜ਼ੁਬਾਨੀ ਭਰੋਸੇ ’ਤੇ ਯਕੀਨ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਯੂਨੀਅਨ ਦੇ ਅਧਿਕਾਰੀ ਟਰਾਂਸਪੋਰਟ ਮੰਤਰੀ ਨੂੰ ਉਨ੍ਹਾਂ ਦੀਆਂ ਸਾਰੀਆਂ ਮੰਗਾਂ 'ਤੇ ਜਲਦੀ ਤੋਂ ਜਲਦੀ ਫੈਸਲਾ ਲੈਣ ਲਈ ਵੀ ਕਹਿਣਗੇ।
ਉਨ੍ਹਾਂ ਦੱਸਿਆ ਕਿ ਜਦੋਂ ਮੁਲਾਜ਼ਮਾਂ ਨੇ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਤੇ ਮੁੱਖ ਮੰਤਰੀ ਨੂੰ ਸਵਾਲ-ਜਵਾਬ ਕਰਨ ਲਈ ਕਿਹਾ ਤਾਂ ਪਟਿਆਲਾ ਪ੍ਰਸ਼ਾਸਨ ਨੇ 25 ਅਗਸਤ ਲਈ ਮੀਟਿੰਗ ਤੈਅ ਕਰ ਦਿੱਤੀ। ਇਸ ਤੋਂ ਬਾਅਦ 14 ਸਤੰਬਰ ਨੂੰ ਮੀਟਿੰਗ ਹੋਣੀ ਸੀ, ਹੁਣ ਤੀਜੀ ਵਾਰ ਮੀਟਿੰਗ 29 ਸਤੰਬਰ ਤੈਅ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਲਾਅ ਦੇ ਨਾਂ 'ਤੇ ਵੋਟਾਂ ਪਾ ਕੇ ਪੰਜਾਬ 'ਚ ਬਹੁਮਤ ਨਾਲ ਜਿਤਾਉਣ ਵਾਲੇ ਮੁਲਾਜ਼ਮ ਤੇ ਆਮ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਵਰਗ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਕੱਚੇ ਟਰਾਂਸਪੋਰਟ ਮੁਲਾਜ਼ਮਾਂ ਦੀ ਮੰਗ ਹੋਵੇ ਜਾਂ ਟਰਾਂਸਪੋਰਟ ਮਾਫੀਆ ਜਾਂ ਫਿਰ ਸਰਕਾਰੀ ਬੱਸਾਂ ਨੂੰ ਸ਼ਾਮਲ ਕਰਨ ਦਾ ਮਾਮਲਾ, ਪੰਜਾਬ ਸਰਕਾਰ ਹਰ ਮੁੱਦੇ ’ਤੇ ਟਾਲ ਮਟੋਲ ਕਰ ਰਹੀ ਹੈ।