Punjab News: ਸਵੇਰੇ ਬਾਦਲ ਖਿਲਾਫ ਕੋਟਕਪੂਰਾ ਗੋਲੀ ਕਾਂਡ 'ਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ, ਸ਼ਾਮ ਨੂੰ ਕਹਿ ਗਏ ਫਾਨੀ ਸੰਸਾਰ ਨੂੰ ਅਲਵਿਦਾ
ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਉਪਰ ਦੇਸ਼ ਭਰ ਦੇ ਵੱਡੇ ਸਿਆਸੀ ਲੀਡਰਾਂ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਹੀ ਨਹੀਂ ਸਗੋਂ ਦੇਸ਼ ਦੀ ਸਿਆਸਤ ਉੱਪਰ ਉਨ੍ਹਾਂ ਦੀ ਡੂੰਘੀ ਛਾਪ ਹੈ।
Punjab News: ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਉਪਰ ਦੇਸ਼ ਭਰ ਦੇ ਵੱਡੇ ਸਿਆਸੀ ਲੀਡਰਾਂ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਹੀ ਨਹੀਂ ਸਗੋਂ ਦੇਸ਼ ਦੀ ਸਿਆਸਤ ਉੱਪਰ ਉਨ੍ਹਾਂ ਦੀ ਡੂੰਘੀ ਛਾਪ ਹੈ। ਦੂਜੇ ਪਾਸੇ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ, ਉਸ ਦਿਨ ਉਨ੍ਹਾਂ ਖਿਲਾਫ ਕੋਟਕਪੂਰਾ ਗੋਲੀ ਕਾਂਡ ਵਿੱਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।
ਦੱਸ ਦਈਏ ਕਿ ਪੰਜਾਬ ਦੇ ਗ੍ਰਹਿ ਵਿਭਾਗ ਨੇ ਮੰਗਲਵਾਰ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਵੱਡੀ ਕਾਰਵਾਈ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਾਹਲ, ਸਾਬਕਾ ਐਸਐਸਪੀ ਸੁਖਮਿੰਦਰ ਸਿੰਘ ਮਾਨ, ਚਰਨਜੀਤ ਸ਼ਰਮਾ ਤੇ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐਸਐਚਓ ਗੁਰਦੀਪ ਸਿੰਘ ਪੰਧੇਰ ਖਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਸ਼ਾਮ ਨੂੰ ਬਾਦਲ ਦਾ ਦੇਹਾਂਤ ਹੋ ਗਿਆ।
ਇਹ ਵੀ ਅਹਿਮ ਹੈ ਕਿ ਬਾਦਲ ਨੇ ਸਾਰੀ ਉਮਰ ਸਿੱਖ ਮੁੱਦਿਆਂ ਉੱਪਰ ਸਿਆਸਤ ਕੀਤੀ ਤੇ ਅੰਤ ਵਿੱਚ ਸਿੱਖਾਂ ਨਾਲ ਜੁੜੇ ਬੇਹੱਦ ਸੰਵੇਦਨਸ਼ੀਲ ਮੁੱਦੇ ਉੱਪਰ ਹੀ ਉਨ੍ਹਾਂ ਖਿਲਾਫ ਮੁਕੱਦਮਾ ਚਲਾਇਆ ਜਾ ਰਿਹਾ ਹੈ। ਬੇਸ਼ੱਕ ਬਾਦਲ ਹਮੇਸ਼ਾਂ ਕਹਿੰਦੇ ਰਹੇ ਕਿ ਬੇਅਦਬੀ ਤੇ ਗੋਲੀ ਕਾਂਡ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਪਰ ਜਿਸ ਵੇਲੇ ਇਹ ਘਟਨਾ ਵਾਪਰੀ ਉਹ ਪੰਜਾਬ ਦੇ ਮੁੱਖ ਮੰਤਰੀ ਸਨ। ਸ਼ਾਇਦ ਇਸ ਲਈ ਹੀ ਉਨ੍ਹਾਂ ਦਾ ਨਾਂ ਇਸ ਮਾਮਲੇ ਵਿੱਚ ਅੰਤ ਤੱਕ ਗੂੰਜਦਾ ਰਿਹਾ।
ਹਾਸਲ ਜਾਣਕਾਰੀ ਮੁਤਾਬਕ ਗ੍ਰਹਿ ਵਿਭਾਗ ਨੇ 2374 ਸਫਿਆਂ ਦੀ ਮਨਜ਼ੂਰੀ ਜਾਂਚ ਟੀਮ ਨੂੰ ਇੱਕ ਦਿਨ ਪਹਿਲਾਂ ਸੌਂਪ ਦਿੱਤੀ ਸੀ। ਵਿਸ਼ੇਸ਼ ਜਾਂਚ ਟੀਮ ਨੇ ਮੰਗਲਵਾਰ ਨੂੰ 2400 ਸਫ਼ਿਆਂ ਦੀ ਦੂਜੀ ਚਲਾਨ ਫਾਈਲ ਅਦਾਲਤ ਵਿੱਚ ਪੇਸ਼ ਕੀਤੀ, ਜਿਸ ਵਿੱਚ ਫੋਰੈਂਸਿਕ ਲੈਬਾਰਟਰੀਆਂ ਦੀਆਂ ਰਿਪੋਰਟਾਂ ਤੇ ਹੋਰ ਦਸਤਾਵੇਜ਼ ਵੀ ਸ਼ਾਮਲ ਹਨ। ਕੇਸ ਵਿੱਚ ਪੇਸ਼ੀ ਲਈ 16 ਮਈ ਦੀ ਤਰੀਕ ਨਿਰਧਾਰਿਤ ਕੀਤੀ ਗਈ ਹੈ।
ਗ੍ਰਹਿ ਵਿਭਾਗ ਨੇ ਉਕਤ ਸਿਆਸਤਦਾਨਾਂ ਤੇ ਪੁਲਿਸ ਅਧਿਕਾਰੀਆਂ ਖਿਲਾਫ਼ ਫੌਜਦਾਰੀ ਕੇਸ ਚਲਾਉਣ ਨੂੰ ਹਰੀ ਝੰਡੀ ਦਿੰਦਿਆਂ ਕਿਹਾ ਕਿ ਜਾਂਚ ਟੀਮ ਵੱਲੋਂ ਇਕੱਤਰ ਕੀਤੇ ਗਏ ਸਬੂਤ, ਗਵਾਹ ਤੇ ਹੋਰ ਦਸਤਾਵੇਜ਼, ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਕੋਟਕਪੂਰਾ ਗੋਲੀ ਕਾਂਡ ਦੀ ਪੂਰੀ ਸਕ੍ਰਿਪਟ ਲਿਖੀ ਸੀ ਤੇ ਉਹ ਇਸ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਹਨ।
ਗ੍ਰਹਿ ਵਿਭਾਗ ਨੇ ਕਿਹਾ ਕਿ ਜਾਂਚ ਟੀਮ ਵੱਲੋਂ ਤਿਆਰ ਕੀਤੀ ਗਈ ਚਾਰਜਸ਼ੀਟ ਵਿਸ਼ਵਾਸਯੋਗ ਹੈ, ਜਿਸ ਲਈ ਉਕਤ ਮੁਲਜ਼ਮਾਂ ਖਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਕੋਟਕਪੂਰਾ ਗੋਲੀ ਕਾਂਡ ਸਬੰਧੀ ਦਰਜ ਦੋਵਾਂ ਮੁਕੱਦਮਿਆਂ ਵਿੱਚ ਜਾਂਚ ਟੀਮ ਨੇ ਦੂਜਾ ਸਪਲੀਮੈਂਟਰੀ ਚਲਾਨ ਵੀ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਅਦਾਲਤ ਵਿੱਚ ਪੇਸ਼ੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਬਾਕੀ ਪੁਲੀਸ ਅਧਿਕਾਰੀ ਅਦਾਲਤ ਗੈਰਹਾਜ਼ਰ ਰਹੇ।
ਅਦਾਲਤ ਵਿੱਚ ਸੁਣਵਾਈ ਦੌਰਾਨ ਡੀਆਈਜੀ ਅਮਰ ਸਿੰਘ ਚਾਹਲ ਤੇ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਹਾਜ਼ਰ ਸਨ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਜੈਪਾਲ ਸਿੰਘ ਨੇ ਜਾਂਚ ਟੀਮ ਵੱਲੋਂ ਪੇਸ਼ ਕੀਤੇ ਦੂਸਰੇ ਚਲਾਨ ਨੂੰ ਵੀ ਆਪਣੀ ਅਦਾਲਤ ਵਿੱਚ ਸੁਣਵਾਈ ਲਈ ਸਵੀਕਾਰ ਕਰ ਲਿਆ ਹੈ ਤੇ ਇਸ ਕੇਸ ਵਿੱਚ ਪੇਸ਼ੀ ਦੀ ਅਗਲੀ ਤਰੀਕ 16 ਮਈ ਨਿਰਧਾਰਿਤ ਕੀਤੀ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਉਸ ਦਿਨ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ।