ਪੰਜਾਬ 'ਚ ਇੰਟਰਨੈੱਟ ਸੇਵਾ ਬਹਾਲ, ਤਰਨ ਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ ਤੇ ਕੁਝ ਹੋਰ ਇਲਾਕਿਆਂ 'ਚ 23 ਮਾਰਚ ਤੱਕ ਪਾਬੰਦੀ
ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਅੱਜ ਤੋਂ ਮੋਬਾਈਲ ਇੰਟਰਨੈੱਟ ਸੇਵਾ ਬਹਾਲ ਹੋ ਗਈ ਹੈ। ਸੂਬੇ ਵਿੱਚ ਪਿਛਲੇ ਚਾਰ ਦਿਨਾਂ ਤੋਂ ਇੰਟਰਨੈੱਟ ਬੰਦ ਸੀ। ਇਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਸੀ।
Internet in Punjab: ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਅੱਜ ਤੋਂ ਮੋਬਾਈਲ ਇੰਟਰਨੈੱਟ ਸੇਵਾ ਬਹਾਲ ਹੋ ਗਈ ਹੈ। ਸੂਬੇ ਵਿੱਚ ਪਿਛਲੇ ਚਾਰ ਦਿਨਾਂ ਤੋਂ ਇੰਟਰਨੈੱਟ ਬੰਦ ਸੀ। ਇਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਸੀ। ਇਸ ਕਰਕੇ ਇਹ ਮਾਮਲਾ ਹਾਈਕੋਰਟ ਤੱਕ ਪਹੁੰਚ ਗਿਆ ਸੀ। ਆਖਰ ਅੱਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੁਝ ਸੈਂਸਟਿਵ ਇਲਾਕਿਆਂ ਨੂੰ ਛੱਡ ਕੇ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਇੰਟਰਨੈੱਟ ਬਹਾਲ ਕਰ ਦਿੱਤਾ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ਤਰਨ ਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਸਬ-ਡਵੀਜ਼ਨ ਅਜਨਾਲਾ, ਮੋਹਾਲੀ ਦੇ ਵਾਈਪੀਐਸ ਚੌਕ ਤੇ ਏਅਰਪੋਰਟ ਰੋਡ ਦੇ ਆਸ-ਪਾਸ ਦੇ ਇਲਾਕਿਆਂ ਵਿੱਚ 23 ਮਾਰਚ ਤੱਕ ਮੋਬਾਈਲ ਇੰਟਰਨੈੱਟ ਬੰਦ ਰਹੇਗਾ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ 21 ਮਾਰਚ, 2023 ਤੋਂ 23 ਮਾਰਚ, 2023 ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਬਾਕੀ ਸੂਬੇ ਵਿੱਚ ਅੱਜ 12 ਵਜੇ ਤੋਂ ਇੰਟਰਨੈੱਟ ਸੇਵਾ ਬਹਾਲ ਹੋ ਜਾਏਗੀ।
ਦਰਅਸਲ ਪੰਜਾਬ ਅੰਦਰ ਪਿਛਲੇ ਚਾਰ ਦਿਨਾਂ ਤੋਂ ਮੋਬਾਈਲ ਇੰਟਰਨੈੱਟ ਬੰਦ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦਿਆਂ ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਇੰਟਰਨੈੱਟ ਸੇਵਾ ਬੰਦ ਕੀਤੇ ਜਾਣ ਖ਼ਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਸੀ ਕਿ ਜਨਤਕ ਵਿਵਸਥਾ ਬਣਾਈ ਰੱਖਣ ਲਈ ਮੋਬਾਈਲ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਸੀ। ਪਹਿਲਾਂ ਉਮੀਦ ਸੀ ਕਿ ਸੋਮਵਾਰ ਨੂੰ ਇੰਟਰਨੈੱਟ ਸੇਵਾ ਬਹਾਲ ਹੋ ਜਾਏਗੀ ਪਰ ਸਰਕਾਰ ਨੇ ਪੂਰੇ ਸੂਬੇ ’ਚ ਮੋਬਾਈਲ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ ਦੀ ਮੁਅੱਤਲੀ ਮੰਗਲਵਾਰ ਦੁਪਹਿਰ 12 ਵਜੇ ਤੱਕ ਵਧਾ ਦਿੱਤੀ ਸੀ। ਹੁਣ ਕੁਝ ਇਲਾਕਿਆਂ ਨੂੰ ਛੱਡ ਇੰਟਰਨੈੱਟ ਸੇਵਾ ਬਹਾਲ ਹੋ ਰਹੀ ਹੈ।
ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਵਿੱਢੀ ਗਈ ਕਾਰਵਾਈ ਤੋਂ ਬਾਅਦ ਸੂਬੇ ਵਿੱਚ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ ਬੰਦ ਹੋਣ ਕਰਕੇ ਆਮ ਜੀਵਨ ’ਤੇ ਕਾਫੀ ਅਸਰ ਪੈ ਰਿਹਾ ਹੈ। ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਰਕੇ ਲੋਕਾਂ ਦੇ ਕਾਰੋਬਾਰ ਤੇ ਬੱਚਿਆ ਦੀ ਪੜ੍ਹਾਈ ’ਤੇ ਵੀ ਕਾਫੀ ਅਸਰ ਪਿਆ ਹੈ। ਇੰਟਰਨੈੱਟ ਸੇਵਾ ਬੰਦ ਹੋਣ ਕਰਕੇ ਆਨਲਾਈਨ ਕਾਰੋਬਾਰ ਕਰਨ ਵਾਲਿਆਂ ਦੀਆਂ ਦਿੱਕਤਾਂ ਵਧ ਗਈਆਂ।
ਸੂਬੇ ’ਚ ਆਨਲਾਈਨ ਖਰੀਦਦਾਰੀ ਕਰਨ ਤੇ ਡਿਜੀਟਲ ਪੈਮੇਂਟ ਸਿਸਟਮ ਵੀ ਠੱਪ ਹੋ ਗਿਆ ਹੈ। ਅਜੋਕੇ ਸਮੇਂ ਲੋਕ ਆਪਣੇ ਕੋਲ ਨਗ਼ਦੀ ਰੱਖਣ ਦੀ ਥਾਂ ਡਿਜੀਟਲ ਪੈਮੇਂਟ ਰਾਹੀ ਰੋਜ਼ਾਨਾ ਕਰੋੜਾਂ ਰੁਪਏ ਦਾ ਲੈਣ-ਦੇਣ ਕਰਦੇ ਹਨ। ਵੱਡੀ ਗਿਣਤੀ ਲੋਕ ਦੁਕਾਨਾਂ ’ਤੇ ਖਰੀਦਦਾਰੀ ਕਰਨ ਵੇਲੇ ਗੂਗਲ ਪੇਅ, ਫੋਨ ਪੇਅ ਜਾਂ ਡਿਜੀਟਲ ਪੈਮੇਂਟ ਦੀ ਵਾਧੂ ਵਰਤੋਂ ਕਰਦੇ ਹਨ, ਪਰ ਪੰਜਾਬ ਵਿੱਚ ਪਿਛਲੇ ਚਾਰ ਦਿਨਾਂ ਤੋਂ ਇੰਟਰਨੈੱਟ ਸੇਵਾ ਬੰਦ ਹੋਣ ਕਰਕੇ ਲੋਕਾਂ ਨੂੰ ਡਿਜੀਟਲ ਲੈਣ-ਦੇਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।