ਸੁਖਬੀਰ ਬਾਦਲ ਦੀ ਘੁਰਕੀ ਕਾਰਨ ਜਥੇਦਾਰ ਝੂੰਦਾਂ ਅਗਲੇ ਦਿਨ ਹੀ ਬਿਆਨ ਤੋਂ ਮੁੱਕਰ ਗਏ : ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੁਣੌਤੀ
ਸ਼੍ਰੋਮਣੀ ਅਕਾਲੀ ਦਲ ਅੰਦਰਲਾ ਕਲੇਸ਼ ਵਧਦਾ ਜਾ ਰਿਹਾ ਹੈ। ਦੱਬਵੀਂ ਆਵਾਜ਼ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚਣੌਤੀ ਦਿੱਤੀ ਜਾ ਰਹੀ ਹੈ ਪਰ ਬਾਦਲ ਪਰਿਵਾਰ ਨੇ ਆਪਣੇ ਹਮਾਇਤੀਆਂ ਨੂੰ ਅੱਗੇ ਕਰ ਆਪਣਾ ਦਬਦਬਾ ਬਣਾਇਆ ਹੋਇਆ ਹੈ।
Punjab News: ਸ਼੍ਰੋਮਣੀ ਅਕਾਲੀ ਦਲ ਅੰਦਰਲਾ ਕਲੇਸ਼ ਵਧਦਾ ਜਾ ਰਿਹਾ ਹੈ। ਦੱਬਵੀਂ ਆਵਾਜ਼ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚਣੌਤੀ ਦਿੱਤੀ ਜਾ ਰਹੀ ਹੈ ਪਰ ਬਾਦਲ ਪਰਿਵਾਰ ਨੇ ਆਪਣੇ ਹਮਾਇਤੀਆਂ ਨੂੰ ਅੱਗੇ ਕਰ ਆਪਣਾ ਦਬਦਬਾ ਬਣਾਇਆ ਹੋਇਆ ਹੈ। ਪਿਛਲੇ ਦਿਨੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸਨੀਅਰ ਲੀਡਰ ਇਕਬਾਲ ਸਿੰਘ ਝੂੰਦਾਂ ਦੀਆਂ ਬਾਗੀ ਸੁਰਾਂ ਨੇ ਲੀਡਰਸ਼ਿਪ ਬਦਲਣ ਬਾਰੇ ਪਾਰਟੀ ਅੰਦਰ ਮੁੜ ਚਰਚਾ ਛੇੜ ਦਿੱਤੀ ਹੈ।
ਜਥੇਦਾਰ ਝੂੰਦਾਂ ਨੇ ਸਟੇਜ਼ ਤੋਂ ਕਿਹਾ ਸੀ ਕਿ ਅਕਾਲੀ ਲੀਡਰਸ਼ਿਪ ਵੱਲੋਂ ਪਾਰਟੀ ਵਿੱਚ ਅਜਿਹੇ ਚਿਹਰੇ ਸ਼ਾਮਲ ਕਰ ਲਏ ਗਏ ਹਨ, ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ ਜਿਸ ਕਾਰਨ ਹੀ ਅੱਜ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਲੀਡਰਸ਼ਿਪ ਬਦਲੀ ਜਾਵੇ ਤਾਂ ਅਕਾਲੀ ਦਲ ਮੁੜ ਖੜ੍ਹਾ ਹੋ ਜਾਏਗਾ।
ਉਧਰ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸਬੰਧਤ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਝੂੰਦਾਂ ਕਮੇਟੀ ਦੀ ਰਿਪੋਰਟ ਜਨਤਕ ਕਰਨ ਜਾਂ ਫ਼ਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਸਹੁੰ ਚੁੱਕਣ ਕਿ ਰਿਪੋਰਟ ’ਚ ਅਕਾਲੀ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਦਲਣ ਦੀ ਮੰਗ ਕੀਤੀ ਸੀ ਪਰ ਇਸ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਸ ਦੇ ਕਾਰਨ ਸਪੱਸ਼ਟ ਕੀਤੇ ਜਾਣ।
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸਬੰਧਤ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਇਕਬਾਲ ਸਿੰਘ ਝੂੰਦਾਂ ਨੇ ਇਹ ਗੱਲ ਕਬੂਲੀ ਸੀ ਕਿ ਅਕਾਲੀ ਲੀਡਰਸ਼ਿਪ ਵੱਲੋਂ ਪਾਰਟੀ ਵਿਚ ਅਜਿਹੇ ਚਿਹਰੇ ਸ਼ਾਮਲ ਕਰ ਲਏ ਗਏ ਹਨ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ ਜਿਸ ਕਾਰਨ ਹੀ ਅੱਜ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਘੁਰਕੀ ਕਾਰਨ ਜਥੇਦਾਰ ਝੂੰਦਾਂ ਅਗਲੇ ਦਿਨ ਹੀ ਆਪਣੇ ਬਿਆਨ ਤੋਂ ਮੁੱਕਰ ਗਏ।
ਐਸਜੀਪੀਸੀ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ, ਮਲਕੀਤ ਸਿੰਘ ਚੰਗਾਲ ਤੇ ਗੁਰਮੀਤ ਸਿੰਘ ਜੌਹਲ ਨੇ ਦਾਅਵਾ ਕੀਤਾ ਕਿ ਝੂੰਦਾਂ ਕਮੇਟੀ ਦੀ ਰਿਪੋਰਟ ’ਚ ਲੜੀ ਨੰ. 42 ਉਪਰ ਅਕਾਲੀ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਝੂੰਦਾਂ ਨੂੰ ਸਵਾਲ ਕੀਤਾ ਕਿ ਉਹ ਸਪੱਸ਼ਟ ਕਰਨ ਕਿ ਅਕਾਲੀ ਦਲ ’ਚ ਉਹ ਕਿਹੜੇ ਚਿਹਰੇ ਹਨ, ਜਿਨ੍ਹਾਂ ਨੂੰ ਵਰਕਰ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਜਿਹੜਾ ਆਗੂ ਸੁਝਾਅ ਦਿੰਦਾ ਹੈ, ਉਸ ਨੂੰ ਬਾਗੀ ਗਰਦਾਨਿਆਂ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਫੇਲ੍ਹ ਹੋਇਆ ਹੈ।