ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਲੱਗਿਆ ਵੱਡਾ ਝਟਕਾ, VC ਨਾਲ ਪੇਸ਼ੀ ਦੀ ਅਰਜ਼ੀ ਰੱਦ, ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਦਿੱਤੇ ਆਦੇਸ਼
ਇਹ ਮਾਮਲਾ 2021 ਦਾ ਹੈ ਜਦੋਂ ਦੇਸ਼ ਭਰ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ। ਇਸ ਦੌਰਾਨ ਕੰਗਨਾ ਰਣੌਤ ਨੇ ਬਠਿੰਡਾ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ ਕਿ ਉਹ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ 100 ਰੁਪਏ ਲੈ ਰਹੀ ਸੀ।

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੀਤੀਆਂ ਟਿੱਪਣੀਆਂ ਲਈ ਉਨ੍ਹਾਂ ਵਿਰੁੱਧ ਦਾਇਰ ਮਾਣਹਾਨੀ ਦੇ ਮਾਮਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਉਨ੍ਹਾਂ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਕੰਗਨਾ ਨੂੰ ਹੁਣ 27 ਅਕਤੂਬਰ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣਾ ਪਵੇਗਾ। ਕੁਝ ਦਿਨ ਪਹਿਲਾਂ, ਅਦਾਲਤ ਨੇ ਕੰਗਨਾ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਨੇ ਵੀ ਉਨ੍ਹਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਜ਼ਿਕਰ ਕਰ ਦਈਏ ਕਿ ਇਹ ਮਾਮਲਾ 2021 ਦਾ ਹੈ ਜਦੋਂ ਦੇਸ਼ ਭਰ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ। ਇਸ ਦੌਰਾਨ ਕੰਗਨਾ ਰਣੌਤ ਨੇ ਬਠਿੰਡਾ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ ਕਿ ਉਹ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ 100 ਰੁਪਏ ਲੈ ਰਹੀ ਸੀ। ਮਹਿੰਦਰ ਕੌਰ ਨੇ ਇਸ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ। ਕੰਗਨਾ ਨੇ ਦਾਅਵਾ ਕੀਤਾ ਕਿ ਉਸਨੇ ਸਿਰਫ਼ ਇੱਕ ਵਕੀਲ ਦੀ ਪੋਸਟ ਦੁਬਾਰਾ ਪੋਸਟ ਕੀਤੀ ਸੀ।
ਜਦੋਂ ਕੰਗਨਾ ਦੇ ਟਵੀਟ ਤੋਂ ਬਾਅਦ ਇਹ ਮੁੱਦਾ ਜ਼ੋਰ ਫੜਨ ਲੱਗਾ, ਤਾਂ ਮਹਿੰਦਰ ਕੌਰ ਨੇ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਵਿੱਚ ਕਿਹਾ, "ਕੰਗਨਾ ਨੂੰ ਕਿਵੇਂ ਪਤਾ ਹੈ ਕਿ ਖੇਤੀ ਕੀ ਹੈ? ਉਹ ਪਾਗਲ ਹੈ। ਉਸ ਨੇ ਜੋ ਕਿਹਾ ਉਸ 'ਤੇ ਲਾਹਨਤ ਹੈ। ਕੰਗਨਾ ਨੂੰ ਕਿਵੇਂ ਪਤਾ ਹੈ ਕਿ ਇੱਕ ਕਿਸਾਨ ਕਿਵੇਂ ਕਮਾਉਂਦਾ ਹੈ? ਮਹਿੰਦਰ ਕੌਰ ਨੇ ਉਸੇ ਇੰਟਰਵਿਊ ਵਿੱਚ ਕੰਗਨਾ ਦੀ 100 ਰੁਪਏ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਸਦੇ ਖੇਤਾਂ ਵਿੱਚ ਕੰਮ ਕਦੇ ਖਤਮ ਨਹੀਂ ਹੁੰਦਾ, ਤਾਂ ਉਹ 100 ਰੁਪਏ ਲਈ ਵਿਰੋਧ ਪ੍ਰਦਰਸ਼ਨ ਵਿੱਚ ਕਿਉਂ ਸ਼ਾਮਲ ਹੋਵੇਗੀ। ਕੰਗਨਾ ਨੇ ਜੋ ਕਿਹਾ ਉਹ ਗਲਤ ਹੈ। ਕਿਸੇ ਨੂੰ ਕਦੇ ਵੀ ਕਿਸੇ ਬਾਰੇ ਬੁਰਾ ਨਹੀਂ ਕਹਿਣਾ ਚਾਹੀਦਾ।
ਕੰਗਨਾ ਦੇ ਪਿਆ ਸੀ ਥੱਪੜ
ਇਹ ਵੀ ਯਾਦ ਕਰਵਾ ਦਈਏ ਕਿ ਮੰਡੀ ਸੀਟ ਤੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੰਗਨਾ ਨੂੰ 6 ਜੂਨ, 2024 ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ। ਮਹਿਲਾ ਕਰਮਚਾਰੀ ਨੇ ਥੱਪੜ ਮਾਰਨ ਦਾ ਕਾਰਨ ਦੱਸਿਆ। ਉਸਨੇ ਕਿਹਾ ਕਿ ਕੰਗਨਾ ਨੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ 100 ਉੱਤੇ ਆਈਆਂ ਕਿਹਾ ਸੀ। ਉਸਦੀ ਮਾਂ ਵੀ ਪ੍ਰਦਰਸ਼ਨ ਵਿੱਚ ਮੌਜੂਦ ਸੀ। ਮਹਿਲਾ ਕਾਂਸਟੇਬਲ ਵਿਰੁੱਧ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ, ਡੀਐਸਪੀ ਏਅਰਪੋਰਟ ਨੇ ਕਿਹਾ ਕਿ ਕੰਗਨਾ ਨੇ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।





















