Punjab News: ਖਾਕੀ ਵਰਦੀ ਹੋਈ ਦਾਗਦਾਰ! ਬਠਿੰਡਾ 'ਚ ASI ਰਿਸ਼ਵਤ ਲੈਂਦਾ ਗ੍ਰਿਫਤਾਰ, ਇੱਕ ਲੱਖ ਪੰਜ ਹਜ਼ਾਰ ਰੁਪਏ ਦੀ ਕੀਤੀ ਸੀ ਡਿਮਾਂਡ
ਖਾਕੀ ਵਰਦੀ ਇੱਕ ਵਾਰ ਫਿਰ ਤੋਂ ਦਾਗਦਾਰ ਹੋ ਗਈ ਹੈ। ਵਿਜੀਲੈਂਸ ਨੇ ਐਸ.ਟੀ.ਐੱਫ. ਦੇ ASI ਤੇ ਉਸਦੇ ਹੀ ਇੱਕ ਦਲਾਲ ਨੂੰ ਕਾਬੂ ਕੀਤਾ ਹੈ। ਇਹ ਦੋਵੇਂ ਜਣੇ ਮਿਲ ਕੇ ਲੋਕਾਂ ਨੂੰ ਡਰਾ-ਧਮਕਾ ਕੇ ਮੋਟੇ ਪੈਸੇ ਖੱਟਦੇ ਸਨ।

Bathinda News: ਬਠਿੰਡਾ ਵਿਜੀਲੈਂਸ ਨੇ ਐਸ.ਟੀ.ਐੱਫ. ਦੇ ASI ਮੇਜਰ ਸਿੰਘ ਅਤੇ ਉਸਦੇ ਨਿੱਜੀ ਦਲਾਲ ਰਾਮ ਸਿੰਘ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਤਲਵੰਡੀ ਸਾਬੋ ਦੇ ਨਤ ਰੋਡ 'ਤੇ ਕੀਤੀ ਗਈ। ਸ਼ਿਕਾਇਤਕਰਤਾ ਅਜੇਬ ਸਿੰਘ ਨੇ ਦੱਸਿਆ ਕਿ ASI ਮੇਜਰ ਸਿੰਘ ਨੇ ਉਸਦੇ ਬੇਟੇ ਨੂੰ ਹਿਰਾਸਤ ਵਿੱਚ ਲਿਆ ਸੀ।
ਉਸਨੇ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕਰਦਿਆਂ NDPS ਐਕਟ ਹੇਠ ਮਾਮਲਾ ਦਰਜ ਕੀਤਾ। ਗ੍ਰਿਫਤਾਰੀ ਦੌਰਾਨ ਬੇਟੇ ਅਤੇ ਉਸਦੇ ਦੋਸਤਾਂ ਕੋਲੋਂ ਬਰਾਮਦ ਹੋਏ ਪੈਸੇ ਅਤੇ ਗਹਿਣਿਆਂ ਨੂੰ ਕੇਸ ਫਾਈਲ ਵਿੱਚ ਦਰਜ ਨਹੀਂ ਕੀਤਾ ਗਿਆ। ਵਿਜੀਲੈਂਸ ਦੇ DSP ਕੁਲਵੰਤ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਅਤੇ ਉਸਦੇ ਨਿੱਜੀ ਦਲਾਲ ਰਾਮ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਰਿਸ਼ਵਤ 'ਚ ਮੰਗੀ ਸੀ ਮੋਟੀ ਰਕਮ
ਦੋਹਾਂ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਿਸ ਰਿਮਾਂਡ ਦੌਰਾਨ ASI ਮੇਜਰ ਸਿੰਘ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਜਦੋਂ ਸ਼ਿਕਾਇਤਕਰਤਾ ਨੇ ਆਪਣੇ ਗਹਿਣੇ ਅਤੇ ਪੈਸੇ ਵਾਪਸ ਮੰਗੇ, ਤਾਂ ASI ਨੇ ਆਪਣੇ ਦਲਾਲ ਰਾਹੀਂ ਇੱਕ ਲੱਖ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ।
ਬਾਅਦ ਵਿੱਚ ਇਹ ਰਕਮ ਇੱਕ ਲੱਖ ਰੁਪਏ 'ਤੇ ਤੈਅ ਹੋਈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਵਿਭਾਗ 'ਚ ਸ਼ਿਕਾਇਤ ਦਰਜ ਕਰਵਾਈ। ਅਜੇਬ ਸਿੰਘ ਦਾ ਦੋਸ਼ ਹੈ ਕਿ ASI ਨੇ ਉਸਦੇ ਖਿਲਾਫ ਝੂਠੇ ਮਾਮਲੇ ਦਰਜ ਕੀਤੇ ਹਨ। ਉਸਨੇ ਮੰਗ ਕੀਤੀ ਹੈ ਕਿ NDPS ਐਕਟ ਹੇਠ ਦਰਜ ਸਾਰੇ ਮਾਮਲਿਆਂ ਦੀ ਜਾਂਚ ਕਰਵਾਈ ਜਾਵੇ। ਇਹ ਮਾਮਲਾ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਦੌਰਾਨ ਸਾਹਮਣੇ ਆਇਆ ਹੈ, ਜੋ ਪੁਲਿਸ ਵਿਭਾਗ ਵਿਚ ਮੌਜੂਦ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਦਾ ਹੈ।




















