ਖਾਲਿਸਤਾਨ ਲਿਬਰੇਸ਼ਨ ਫੋਰਸ ਵੱਲੋਂ 'ਟਾਰਗੇਟ ਕਿਲਿੰਗ' ਦੀ ਪਲਾਨਿੰਗ, ਪੁਲਿਸ ਦੀ ਗ੍ਰਿਫਤ 'ਚ ਆਏ ਜਸਪ੍ਰੀਤ ਨੂਪੀ ਨੇ ਕੀਤਾ ਖੁਲਾਸਾ
ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਪ੍ਰਿਸਟਾਇਨ ਮਾਲ ਜੀਟੀ ਰੋਡ ਖੰਨਾ ਕੋਲ ਪੁਖਤਾ ਨਾਕਾਬੰਦੀ ਕਰਕੇ ਇਟੀਓਸ ਕਾਰ ਰੋਕੀ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ।
ਖੰਨਾ: ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਰੱਖਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਗੈਂਗ ਦਾ ਮੁਖੀ ਜਰਮਨੀ ਵਿੱਚ ਬੈਠੇ ਹੈਂਡਲਰ ਨਾਲ ਸਬੰਧ ਰੱਖਦਾ ਸੀ। ਇਨ੍ਹਾਂ ਵੱਲੋਂ ਬਾਹਰੋਂ ਫੰਡਿੰਗ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਿਸ ਨੇ ਚਾਰ ਅਪਰਾਧੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ। ਇਨ੍ਹਾਂ ਵਿੱਚੋਂ ਇੱਕ ਅਪਰਾਧੀ 28 ਅਪ੍ਰੈਲ ਨੂੰ ਆਪਣੇ ਦੋ ਸਾਥੀਆਂ ਸਮੇਤ ਪਟਿਆਲਾ ਜੇਲ੍ਹ ਵਿੱਚੋਂ ਫਰਾਰ ਹੋਇਆ ਸੀ।
ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਪ੍ਰਿਸਟਾਇਨ ਮਾਲ ਜੀਟੀ ਰੋਡ ਖੰਨਾ ਕੋਲ ਪੁਖਤਾ ਨਾਕਾਬੰਦੀ ਕਰਕੇ ਇਟੀਓਸ ਕਾਰ ਰੋਕੀ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ। ਉਨ੍ਹਾਂ ਨੇ ਪੁਲਿਸ ਪਾਰਟੀ ਤੇ ਇੱਕ ਰੌਂਦ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਉਨ੍ਹਾਂ ਨੇ ਆਪਣਾ ਨਾਂ ਜਸਵਿੰਦਰ ਸਿੰਘ ਵਾਸੀ ਫਤਿਹਪੁਰ ਬੂੰਗਾ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਤੇ ਗੌਰਵ ਜੈਨ ਉਰਫ ਮਿੰਕੂ ਵਾਸੀ ਨੇੜੇ ਰੇਲਵੇ ਫਾਟਕ, ਕਾਲਿਆਵਾਲਾ ਥਾਣਾ ਕਾਲਿਆਵਾਲਾ ਜ਼ਿਲ੍ਹਾ ਸਿਰਸਾ ਦੱਸਿਆ।
ਗ੍ਰਿਫਤਾਰ ਵਿਅਕਤੀਆ ਨੇ ਆਪਣੇ ਤੀਸਰੇ ਸਾਥੀ ਤੇ ਗੈਂਗ ਮੁਖੀ ਦਾ ਨਾਂ ਜਸਪ੍ਰੀਤ ਸਿੰਘ ਉਰਫ ਨੂਪੀ ਵਾਸੀ ਡਾਡੀ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਦੱਸਿਆ। ਉਸ ਨੂੰ ਵੀ ਤਕਨੀਕੀ ਮਦਦ ਨਾਲ ਸੂਆ ਪੁਲੀ ਮਾਜਰੀ ਦੇ ਨੇੜਿਓਂ ਉਸ ਦੇ ਇੱਕ ਹੋਰ ਸਾਥੀ ਪ੍ਰਸ਼ਾਂਤ ਸਿਲੇਲਾਨ ਉਰਫ ਕਬੀਰ ਵਾਸੀ ਬਾਲਮੀਕ ਬਸਤੀ ਸੂਰਜਕੁੰਡ ਰਾਮਬਾਗ ਮੇਰਠ ਥਾਣਾ ਸਿਵਲ ਲਾਈਨ ਮੇਰਠ ਯੂਪੀ ਸਮੇਤ ਕਾਬੂ ਕੀਤਾ ਗਿਆ।
ਵਾਰਦਾਤ ਵਿੱਚ ਵਰਤੀ ਗਈ ਕਾਰ 'ਤੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ, ਜੋ ਮੁਲਜ਼ਮਾਂ ਨੇ ਇਹ ਕਾਰ ਹਥਿਆਰਾਂ ਦੀ ਨੋਕ 'ਤੇ ਏਅਰਪੋਰਟ ਰੋਡ ਜ਼ੀਰਕਪੁਰ ਤੋਂ ਖੋਹ ਕੀਤੀ ਸੀ। ਪੁੱਛਗਿੱਛ ਦੌਰਾਨ ਗੈਂਗ ਮੁਖੀ ਜਸਪ੍ਰੀਤ ਸਿੰਘ ਉਰਫ ਨੂਪੀ ਨੇ ਦੱਸਿਆ ਕਿ ਉਹ ਕਤਲ ਕੇਸ ਤਹਿਤ ਪਟਿਆਲਾ ਜੇਲ੍ਹ ਵਿੱਚ ਬੰਦ ਸੀ, ਜੋ ਆਪਣੇ ਦੋ ਸਾਥੀਆ ਸਮੇਤ 28 ਅਪ੍ਰੈਲ ਨੂੰ ਪਟਿਆਲਾ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ।
ਨੂਪੀ ਨੇ ਮੰਨਿਆ ਕਿ ਉਸ ਨੇ ਪਟਿਆਲਾ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਇਟੀਓਸ ਕਾਰ ਹਥਿਆਰਾਂ ਦੀ ਨੋਕ 'ਤੇ ਏਅਰਪੋਰਟ ਰੋਡ ਜ਼ੀਰਕਪੁਰ ਤੋਂ ਖੋਹੀ ਸੀ। ਖਰੜ ਵਿੱਚ ਇੱਕ ਪੈਟਰੋਲ ਪੰਪ ਤੋਂ ਆਪਣੇ ਸਾਥੀਆ ਦੀ ਮਦਦ ਨਾਲ 50 ਹਜਾਰ ਰੁਪਏ ਦੀ ਲੁੱਟ ਕੀਤੀ ਸੀ। ਇਸੇ ਦੌਰਾਨ ਉਸ ਦੇ ਕੇਐਲਐਫ ਸੰਗਠਨ ਦੇ ਹੈਂਡਲਰ (ਜਰਮਨੀ) ਨਾਲ ਗਹਿਰੇ ਸਬੰਧ ਸਥਾਪਤ ਹੋ ਗਏ, ਜੋ ਉਸ ਨੂੰ ਆਰਥਿਕ ਤੌਰ 'ਤੇ ਮਦਦ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ "ਟਾਰਗੇਟ ਕਿਲਿੰਗ" ਲਈ ਤਿਆਰ ਕਰ ਰਿਹਾ ਸੀ।
ਜਸਪ੍ਰੀਤ ਸਿੰਘ ਉਰਫ ਨੂਪੀ ਨੇ ਪੰਜਾਬ ਦੇ ਕਈ ਸੰਵੇਦਨਸ਼ੀਲ/ਮਹੱਤਵਪੂਰਨ ਵਿਅਕਤੀਆ ਦੀ ਰੇਕੀ ਵੀ ਕੀਤੀ। ਕੇਐਲਐਫ ਸੰਗਠਨ ਨੇ ਉਸ ਨੂੰ ਵੈਸਟਰਨ ਯੂਨੀਅਨ ਤੇ ਪੇਟੀਐਮ ਰਾਹੀਂ ਕਾਫੀ ਵਾਰ ਫੰਡਿੰਗ ਕੀਤੀ ਤੇ ਉਸ ਨੂੰ ਟਾਰਗੇਟ ਕਿਲਿੰਗ ਲਈ ਹਥਿਆਰ ਸ਼ਹਿਰ ਰੁਦਰਪੁਰ, ਉੱਤਰਾਖੰਡ ਤੋਂ ਮੁਹੱਈਆ ਕਰਵਾਏ।
ਇਹ ਵੀ ਪੜ੍ਹੋ: Mivi wireless earphone: 999 ਰੁਪਏ 'ਚ ਲਾਂਚ ਕੀਤਾ ਈਅਰਫੋਨ, ਸਿਰਫ 10 ਮਿੰਟਾਂ 'ਚ ਹੋ ਜਾਵੇਗਾ ਚਾਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904