ਪੜਚੋਲ ਕਰੋ
ਬਦਲਾ ਲੈਣ ਲਈ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ ਕੀਤਾ ਖੁਲਾਸਾ
ਦੋਸ਼ੀ ਨੂੰ ਖੰਨਾ ਪੁਲਿਸ ਨੇ ਅੱਜ ਕਾਬੂ ਕਰ ਲਿਆ ਹੈ। ਐਸਪੀ ਜਸਵੀਰ ਸਿੰਘ ਨੇ ਦੱਸਿਆ ਕਿ ਬੇਅਦਬੀ ਕਰਨ ਵਾਲੇ ਮੁਲਜ਼ਮ ਸਤਵਿੰਦਰ ਸਿੰਘ (52) ਉਰਫ ਸ਼ਿੰਗਾਰਾ ਨੇ ਨਿੱਜੀ ਰੰਜ਼ਿਸ਼ ਕਰਕੇ ਇਹ ਹਰਕਤ ਕੀਤੀ।

ਖੰਨਾ: ਪਿੰਡ ਢੀਂਡਸਾ 'ਚ ਪਿਛਲੇ ਦਿਨੀਂ ਪਸ਼ੂਆਂ ਵਾਲੇ ਵਾੜੇ ਦੇ ਅੰਦਰ ਤੇ ਬਾਹਰ ਸੜਕ 'ਤੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਸੀ। ਇਸ ਮਾਮਲੇ ਦੇ ਦੋਸ਼ੀ ਨੂੰ ਖੰਨਾ ਪੁਲਿਸ ਨੇ ਅੱਜ ਕਾਬੂ ਕਰ ਲਿਆ ਹੈ। ਐਸਪੀ ਜਸਵੀਰ ਸਿੰਘ ਨੇ ਦੱਸਿਆ ਕਿ ਬੇਅਦਬੀ ਕਰਨ ਵਾਲੇ ਮੁਲਜ਼ਮ ਸਤਵਿੰਦਰ ਸਿੰਘ (52) ਉਰਫ ਸ਼ਿੰਗਾਰਾ ਨੇ ਨਿੱਜੀ ਰੰਜ਼ਿਸ਼ ਕਰਕੇ ਇਹ ਹਰਕਤ ਕੀਤੀ। ਦਰਅਸਲ ਪਿਛਲੇ ਦਿਨੀਂ ਪਿੰਡ ਢੀਂਡਸਾ ਤਹਿਸੀਲ ਸਮਰਾਲਾ ਵਿੱਚ ਸਤਿੰਦਰਪਾਲ ਸਿੰਘ ਦੇ ਪਸ਼ੂਆਂ ਵਾਲੇ ਮਕਾਨ ਦੇ ਅੰਦਰ ਤੇ ਬਾਹਰ ਸੜਕ 'ਤੇ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਹੋਏ ਮਿਲੇ। ਇਸ ਸਬੰਧੀ ਥਾਣਾ ਸਮਰਾਲਾ ਵਿੱਚ ਅਣਪਛਾਤੇ ਵਿਅਕਤੀ ਖਿਲ਼ਾਫ ਮਾਮਲਾ ਦਰਜ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਪੁਲਿਸ ਨੂੰ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸ਼ਿੰਗਾਰੇ ਨੇ ਬੇਅਦਬੀ ਕੀਤੀ ਹੈ। ਦਰਅਸਲ ਸ਼ਿੰਗਾਰੇ ਦਾ ਵਿਆਹ ਨਹੀਂ ਹੋਇਆ ਤੇ ਉਹ ਆਪਣਾ ਟਰੱਕ ਚਲਾਉਂਦਾ ਹੈ। ਉਹ ਕਾਫੀ ਅੜੀਅਲ ਤੇ ਬਦਮਿਜ਼ਾਜ਼ ਕਿਸਮ ਦਾ ਵਿਅਕਤੀ ਹੈ, ਜੋ ਅਕਸਰ ਹੀ ਆਪਣਾ ਟਰੱਕ ਰਸਤੇ ਵਿੱਚ ਖੜ੍ਹਾ ਕਰਕੇ ਆਉਂਦੇ-ਜਾਂਦੇ ਹਰ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਇਸ ਨੂੰ ਪਹਿਲਾਂ ਸਤਿੰਦਰਪਾਲ ਸਿੰਘ ਨੇ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਕਿ ਉਹ ਪਿੰਡ ਵਾਸੀਆਂ ਨਾਲ ਇਹੋ ਜਿਹਾ ਵਤੀਰਾ ਨਾ ਕਰਿਆ ਕਰੇ ਪਰ ਉਸ ਨੇ ਇਸ ਗੱਲ ਦਾ ਬੁਰਾ ਮਨਾਇਆ ਤੇ ਉਹ ਸਤਿੰਦਰਪਾਲ ਸਿੰਘ ਨਾਲ ਜ਼ਿੱਦ ਰੱਖਣ ਲੱਗ ਪਿਆ। ਉਸ ਨੇ ਮਨ ਵਿੱਚ ਠਾਣ ਲਈ ਕਿ ਸਤਿੰਦਰਪਾਲ ਸਿੰਘ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਕੀਤਾ ਜਾਵੇ। ਇਸੇ ਦੇ ਚੱਲਦਿਆਂ ਸ਼ਿੰਗਾਰੇ ਨੇ ਸਕੀਮ ਘੜੀ ਕਿ ਘੱਲੂਘਾਰਾ ਹਫਤੇ ਦੌਰਾਨ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਸਤਿੰਦਰਪਾਲ ਦੇ ਪਸ਼ੂਆਂ ਵਾਲੇ ਵਾੜੇ ਤੇ ਬਾਹਰ ਸੁੱਟ ਦਿੱਤੇ ਜਾਣ ਤਾਂ ਜੋ ਸਾਰੀਆਂ ਸਿੱਖ ਜੱਥੇਬੰਦੀਆਂ ਸਤਵਿੰਦਰ ਸਿੰਘ ਤੇ ਇਸ ਦੇ ਪਰਿਵਾਰ ਖਿਲ਼ਾਫ ਹੋ ਜਾਣ ਤੇ ਇਸਦੇ ਵਿਰੁੱਧ ਮੁਕੱਦਮਾ ਦਰਜ ਹੋ ਜਾਵੇ। ਪੁਲਿਸ ਮੁਤਾਬਕ ਇਸੇ ਕਰਕੇ ਉਕਤ ਮੁਲਜ਼ਮ ਨੇ ਬਰੇਲੀ ਗੁਰਦੁਆਰਾ ਸਾਹਿਬ ਨੇੜੇ ਰੇਲਵੇ ਫਾਟਕ ਪਾਸ ਦੁਕਾਨਾਂ ਤੋਂ ਗੁਟਕਾ ਖਰੀਦਿਆ ਤੇ ਮਿਤੀ 2-6-19 ਨੂੰ ਤੜਕੇ ਕਰੀਬ 3 ਵਜੇ ਉਸ ਦੇ ਅੰਗ ਪਾੜ ਕੇ ਸਤਿੰਦਰਪਾਲ ਸਿੰਘ ਦੇ ਪਸ਼ੂਆਂ ਵਾਲੇ ਵਾੜੇ ਦੇ ਅੰਦਰ ਤੇ ਬਾਹਰ ਸੁੱਟ ਦਿੱਤੇ ਤੇ ਆਪ ਟਰੱਕ ਲੈ ਕੇ ਬਾਹਰਲੀ ਸਟੇਟ ਨੂੰ ਚਲਾ ਗਿਆ। ਪੁਲਿਸ ਨੇ ਕੱਲ੍ਹ ਦੁਪਿਹਰ ਤੋਂ ਬਾਅਦ ਪਿੰਡ ਢੀਂਡਸਾ ਵਿੱਚ ਉਸ ਦੀ ਮੋਟਰ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















