(Source: ECI/ABP News/ABP Majha)
Liquor: ਕਾਂਗਰਸ ਦੀ ਚੋਣ ਸਭਾ ਵਿੱਚ ਵੰਡੀ ਗਈ ਸ਼ਰਾਬ, ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀਆਂ ਨੇ ਘੇਰੀ ਕਾਂਗਰਸ
Congress: ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰਾ ਗਰਮਾਇਆ ਹੋਇਆ ਹੈ। ਕਾਂਗਰਸ ਦੀ ਚੋਣ ਸਭਾ ਦੇ ਵਿੱਚ ਪਿਆਕੜਾਂ ਦੀ ਲੱਗੀਆਂ ਮੌਜ਼ਾਂ, ਵੰਡੀ ਗਈ ਸ਼ਰਾਬ। ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀਆਂ ਨੇ ਕਾਂਗਰਸ ਘੇਰ ਲਈ।
Lok Shabha Elections 2024: ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਇਲਾਕੇ 'ਚ ਕਾਂਗਰਸ ਦੀ ਚੋਣ ਮੀਟਿੰਗ ਦੌਰਾਨ ਵੰਡੀ ਜਾ ਰਹੀ ਸ਼ਰਾਬ ਦੀ ਵੀਡੀਓ ਵਾਇਰਲ ਹੋਈ ਹੈ। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ। ਵਿਰੋਧੀ ਪਾਰਟੀਆਂ ਨੇ ਕਾਂਗਰਸ (Congress) ਨੂੰ ਘੇਰ ਲਿਆ ਹੈ। ਆਮ ਆਦਮੀ ਪਾਰਟੀ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ। ਦੂਜੇ ਪਾਸੇ ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਹੁਣ ਖੰਨਾ ਦੇ ਪਿੰਡ ਬਾਹੋਮਾਜਰਾ ਵਿੱਚ ਲਗਾਈ ਗਈ ਨਕਲੀ ਸ਼ਰਾਬ ਦੀ ਫੈਕਟਰੀ ਦਾ ਜ਼ਹਿਰ ਗਰੀਬਾਂ ਵਿੱਚ ਵੰਡ ਰਹੀ ਹੈ। ਇਸ 'ਤੇ ਕਾਰਵਾਈ ਕੀਤੀ ਜਾਵੇ।
ਵਾਇਰਲ ਵੀਡੀਓ 'ਚ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ: ਅਮਰ ਸਿੰਘ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ, ਜਦਕਿ ਇਸ ਤੋਂ ਬਾਅਦ ਮੀਟਿੰਗ 'ਚੋਂ ਬਾਹਰ ਆ ਰਿਹਾ ਇਕ ਵਿਅਕਤੀ ਸ਼ਰਾਬ ਦੀਆਂ ਦੋ ਬੋਤਲਾਂ ਨਾਲ ਨਜ਼ਰ ਆ ਰਿਹਾ ਹੈ। ਇੱਕ ਬੋਤਲ ਹੱਥ ਵਿੱਚ ਫੜੀ ਜਾਂਦੀ ਹੈ ਅਤੇ ਦੂਜੀ ਬੋਤਲ ਪਜਾਮੇ ਦੇ ਅੰਦਰ ਲਕੋ ਰੱਖੀ ਸੀ। ਜਦੋਂ ਇਸ ਵਿਅਕਤੀ ਤੋਂ ਪੁੱਛਿਆ ਗਿਆ ਕਿ ਉਹ ਸ਼ਰਾਬ ਕਿੱਥੋਂ ਲੈ ਕੇ ਆਇਆ ਹੈ ਤਾਂ ਇਹ ਵਿਅਕਤੀ ਆਪਣੇ ਹੱਥ ਵਿੱਚ ਫੜਿਆ ਕਾਂਗਰਸੀ ਉਮੀਦਵਾਰ ਦਾ ਪਰਚਾ ਦਿਖਾਉਂਦਾ ਹੈ।
ਕਾਂਗਰਸ ਆਪਣੀ ਹਾਰ ਦੇਖ ਰਹੀ-ਚੇਤਨ ਸਿੰਘ ਜੌੜੇਮਾਜਰਾ
ਖੰਨਾ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਕਾਂਗਰਸ ਆਪਣੀ ਹਾਰ ਦੇਖ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇੱਥੋਂ ਦਾ ਸੰਸਦ ਮੈਂਬਰ ਅਮਰ ਸਿੰਘ ਡਾਕਟਰ ਹੈ ਪਰ ਉਹ ਨਸ਼ਾ ਵੇਚ ਕੇ ਵੋਟਾਂ ਹਾਸਲ ਕਰਨਾ ਚਾਹੁੰਦਾ ਹੈ, ਨਸ਼ੇ ਤੇ ਪੈਸਾ ਵੰਡਣਾ ਸ਼ੁਰੂ ਤੋਂ ਹੀ ਕਾਂਗਰਸ ਤੇ ਅਕਾਲੀਆਂ ਦਾ ਕੰਮ ਰਿਹਾ ਹੈ। ਪਰ ਆਮ ਆਦਮੀ ਪਾਰਟੀ ਵੋਟਰਾਂ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਦੇਵੇਗੀ। ਜੇਕਰ ਲੋਕਾਂ ਨੂੰ ਸਰਕਾਰ ਦਾ ਕੰਮ ਪਸੰਦ ਹੈ ਤਾਂ ਉਹ ਵੋਟ ਪਾਉਣਗੇ। ਕਾਂਗਰਸ ਵੱਲੋਂ ਸ਼ਰਾਬ ਵੰਡਣ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਜਾਵੇਗੀ।
ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ
ਕਾਂਗਰਸ ਵੱਲੋਂ ਸ਼ਰਾਬ ਵੰਡਣ ਦੀ ਵੀਡੀਓ ਸਾਹਮਣੇ ਆਉਣ 'ਤੇ ਫ਼ਤਹਿਗੜ੍ਹ ਸਾਹਿਬ ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਖੰਨਾ ਨੇੜਲੇ ਪਿੰਡ ਬਾਹੋਮਾਜਰਾ 'ਚ ਨਕਲੀ ਸ਼ਰਾਬ ਦੀ ਫੈਕਟਰੀ ਲਗਾਈ ਗਈ ਸੀ। ਕਰੋਨਾ ਦੌਰਾਨ ਕਾਂਗਰਸੀਆਂ ਨੇ ਕਰੋੜਾਂ ਰੁਪਏ ਦੀ ਸ਼ਰਾਬ ਵੇਚੀ ਸੀ, ਉਸੇ ਫੈਕਟਰੀ ਦਾ ਸਟਾਕ ਸੰਭਾਲਿਆ ਕੇ ਰੱਖਿਆ, ਜਿਸ ਨੂੰ ਹੁਣ ਕਾਂਗਰਸ ਚੋਣਾਂ ਦੌਰਾਨ ਲੋਕਾਂ ਵਿੱਚ ਵੰਡ ਰਹੀ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਕਾਂਗਰਸ ਗਰੀਬਾਂ ਨੂੰ ਜ਼ਹਿਰੀਲੀ ਸ਼ਰਾਬ ਵੰਡ ਰਹੀ ਹੈ
ਭਾਜਪਾ ਉਮੀਦਵਾਰ ਗੇਜਾ ਰਾਮ ਨੇ ਕਿਹਾ ਕਿ ਕਾਂਗਰਸ ਗਰੀਬਾਂ ਨੂੰ ਜ਼ਹਿਰੀਲੀ ਸ਼ਰਾਬ ਵੰਡ ਰਹੀ ਹੈ। ਕਾਂਗਰਸ ਸਰਕਾਰ ਵੇਲੇ ਪੰਜਾਬ ਵਿੱਚ ਕਈ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ। ਕਈ ਗਰੀਬ ਲੋਕ ਸ਼ਰਾਬ ਪੀ ਕੇ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਬਾਵਜੂਦ ਵੀ ਕਾਂਗਰਸੀ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਲੋਕਾਂ ਨੂੰ ਅਪੀਲ ਹੈ ਕਿ ਉਹ ਚੋਣਾਂ ਦੌਰਾਨ ਕਿਸੇ ਤੋਂ ਵੀ ਸ਼ਰਾਬ ਲੈ ਕੇ ਵੋਟ ਨਾ ਪਾਉਣ। ਇਹ ਮੌਤ ਨੂੰ ਸੱਦਾ ਹੈ। ਗੇਜਾ ਰਾਮ ਨੇ ਕਿਹਾ ਕਿ ਭਾਜਪਾ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ।
ਸਾਰੇ ਦੋਸ਼ ਬੇਬੁਨਿਆਦ ਹਨ- ਕਾਂਗਰਸੀ ਕੌਂਸਲਰ ਪਰਮਜੀਤ ਸਿੰਘ
ਇਸ ਦੇ ਨਾਲ ਹੀ ਚੋਣ ਮੀਟਿੰਗ ਕਰ ਰਹੇ ਸ੍ਰੀ ਮਾਛੀਵਾੜਾ ਸਾਹਿਬ ਤੋਂ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਨੇ ਵੀ ਸ਼ਰਾਬ ਨਹੀਂ ਵੰਡੀ। ਸਾਰੇ ਦੋਸ਼ ਬੇਬੁਨਿਆਦ ਹਨ। ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।