ਕੈਪਟਨ ਦੇ ਨੌਕਰੀ ਮੇਲੇ 'ਚੋਂ ਖ਼ਾਲੀ ਹੱਥ ਮੁੜੇ ਨੌਜਵਾਨ
ਲੁਧਿਆਣਾ ਵਿੱਚ ਰੁਜ਼ਗਾਰ ਮੇਲੇ ਦੀ ਉਸ ਵੇਲੇ ਫੂਕ ਨਿਕਲ ਗਈ ਜਦੋਂ ਨੌਜਵਾਨਾਂ ਨੂੰ ਖ਼ਾਲੀ ਹੱਥ ਵਾਪਸ ਮੁੜਨਾ ਪਿਆ। ਇੱਥੇ ਸੈਂਕੜੇ ਦੀ ਗਿਣਤੀ ਵਿੱਚ ਆਏ ਨੌਜਵਾਨਾਂ ਨੇ ਵੱਖ-ਵੱਖ ਕੰਪਨੀਆਂ ਦੇ ਫਾਰਮ ਭਰੇ ਪਰ ਉਨ੍ਹਾਂ ਨੂੰ ਢੁੱਕਵੀਂ ਤਨਖ਼ਾਹ ਨਹੀਂ ਮਿਲੀ।

ਲੁਧਿਆਣਾ: ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਘਰ-ਘਰ ਨੌਕਰੀ ਦੇਣ ਦਾ ਦਾਅਵਾ ਕੀਤਾ ਗਿਆ ਸੀ ਜਿਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ। ਲੁਧਿਆਣਾ ਵਿੱਚ ਰੁਜ਼ਗਾਰ ਮੇਲੇ ਦੀ ਉਸ ਵੇਲੇ ਫੂਕ ਨਿਕਲ ਗਈ ਜਦੋਂ ਨੌਜਵਾਨਾਂ ਨੂੰ ਖ਼ਾਲੀ ਹੱਥ ਵਾਪਸ ਮੁੜਨਾ ਪਿਆ। ਇੱਥੇ ਸੈਂਕੜੇ ਦੀ ਗਿਣਤੀ ਵਿੱਚ ਆਏ ਨੌਜਵਾਨਾਂ ਨੇ ਵੱਖ-ਵੱਖ ਕੰਪਨੀਆਂ ਦੇ ਫਾਰਮ ਭਰੇ ਪਰ ਉਨ੍ਹਾਂ ਨੂੰ ਢੁੱਕਵੀਂ ਤਨਖ਼ਾਹ ਨਹੀਂ ਮਿਲੀ।
ਹਾਲਾਂਕਿ ਇਸ ਦੌਰਾਨ ਕੈਪਟਨ ਦੇ ਮੰਤਰੀ ਚਰਨਜੀਤ ਚੰਨੀ ਤੇ ਭਾਰਤ ਭੂਸ਼ਣ ਆਸ਼ੂ ਦੀ ਥਾਂ ਮਮਤਾ ਆਸ਼ੂ ਪਹੁੰਚੇ ਸਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਨੌਕਰੀ ਦੇਣ ਦੇ ਵਾਅਦੇ ਨੂੰ ਸਫਲ ਕਰਾਰ ਦਿੱਤਾ। ਮਮਤਾ ਆਸ਼ੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਘਰ-ਘਰ ਨੌਕਰੀ ਦੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦੀ ਗੱਲ ਕਹਿ ਕੇ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀ ਗੱਲ ਕਹੀ।

ਉੱਧਰ ਇਸ ਮੇਲੇ ਵਿੱਚ ਆਏ ਨੌਜਵਾਨਾਂ ਨੇ ਕੈਪਟਨ ਦਾ ਘਰ-ਘਰ ਨੌਕਰੀ ਦੇਣ ਦਾ ਵਾਅਦਾ ਬਿਲਕੁਲ ਅਸਫਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਨੌਕਰੀ ਤਾਂ ਮਿਲ ਰਹੀ ਹੈ, ਪਰ ਤਨਖ਼ਾਹ 8 ਤੋਂ 9 ਹਜ਼ਾਰ ਦੇ ਕਰੀਬ ਹੈ ਜੋ ਪੜ੍ਹੇ-ਲਿਖੇ ਨੌਜਵਾਨਾਂ ਨਾਲ ਮਜ਼ਾਕ ਹੈ। ਇਸ ਤੋਂ ਚੰਗਾ ਹੈ ਕਿ ਅਸੀਂ ਮਜ਼ਦੂਰੀ ਦਾ ਕੰਮ ਕਰਕੇ 10 ਤੋਂ 15 ਹਜ਼ਾਰ ਕਮਾ ਲਈਏ। ਨੌਜਵਾਨ ਇਸ ਮੇਲੇ ਤੋਂ ਨਾਖ਼ੁਸ਼ ਨਜ਼ਰ ਆਏ।






















