ਮਜੀਠੀਆ ਦੇ ਜ਼ਮਾਨਤ ਨਾਲ ਕਾਂਗਰਸ ਨੂੰ ਝਟਕਾ, ਸਿੱਧੂ ਚੁੱਪ, ਚੰਨੀ ਬੋਲੇ ਕੇਸ ਖ਼ਤਮ ਨਹੀਂ ਹੋਇਆ
ਡਰੱਗਜ਼ ਮਾਮਲੇ 'ਚ ਨਾਮਜ਼ਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਣ ਨਾਲ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਚੋਣਾਂ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਲਈ ਕਾਂਗਰਸ ਇਸ ਮੁੱਦੇ ਨੂੰ ਗਰਮਾ ਰਹੀ ਸੀ।

ਚੰਡੀਗੜ੍ਹ: ਡਰੱਗਜ਼ ਮਾਮਲੇ 'ਚ ਨਾਮਜ਼ਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਣ ਨਾਲ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਚੋਣਾਂ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਲਈ ਕਾਂਗਰਸ ਇਸ ਮੁੱਦੇ ਨੂੰ ਗਰਮਾ ਰਹੀ ਸੀ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਮਜੀਠੀਆ ਦੀ ਅਗਾਊਂ ਜ਼ਮਾਨਤ ਦੇ ਮੁੱਦੇ 'ਤੇ ਚੁੱਪ ਧਾਰੀ ਹੋਈ ਹੈ। ਉਹ ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਲਈ ਮੋਗਾ ਪੁੱਜੇ ਸਨ। ਜਦੋਂ ਸਿੱਧੂ ਨੂੰ ਮੀਡੀਆ ਕਰਮੀਆਂ ਨੇ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਬਿਨਾਂ ਕੁਝ ਬੋਲੇ ਮੁਸਕਰਾ ਕੇ ਉੱਥੋਂ ਚਲੇ ਗਏ।
ਇਸਦੇ ਨਾਲ ਹੀ ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਮਜੀਠੀਆ ਨੂੰ ਸਿਰਫ ਅਗਾਊਂ ਜ਼ਮਾਨਤ ਮਿਲੀ ਹੈ। ਕੇਸ ਖ਼ਤਮ ਨਹੀਂ ਹੋਇਆ।ਮਜੀਠੀਆ ਨੂੰ ਬੁੱਧਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ’ਤੇ ਹਾਈ ਕੋਰਟ ਵੱਲੋਂ ਰੋਕ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਪਾਰਟੀ ਵੱਲੋਂ ਨਿਆਂਪਾਲਿਕਾ ਦੀ ਨਿਰਪੱਖਤਾ ਵਿਚ ਪ੍ਰਗਟਾਇਆ ਵਿਸ਼ਵਾਸ ਸੱਚਾ ਸਾਬਤ ਹੋਇਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਪ੍ਰਧਾਨ ਨੇ ਕਿਹਾ ਕਿ ਨਿਆਂਪਾਲਿਕਾ ਸਾਡੇ ਦੇਸ਼ ਵਿਚ ਤੰਗ ਪ੍ਰੇਸ਼ਾਨ ਕਰਨ ਅਤੇ ਮੁਕੱਦਮੇਬਾਜ਼ੀ ਵਿਚ ਫਸਾਉਣ ਖਿਲਾਫ ਬਚਾਅ ਕਰਦੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕਾਨੁੰਨ ਦੀ ਸਿਆਸੀ ਮੰਤਵਾਂ ਵਾਸਤੇ ਦੁਰਵਰਤੋਂ ਹੁੰਦੀ ਹੈ ਤਾਂ ਇਹ ਨਿਆਂਪਾਲਿਕਾ ਹੈ ਜੋ ਦਖਲ ਦੇ ਕੇ ਵਿਅਕਤੀ ਦਾ ਮਾਣ ਸਤਿਕਾਰ ਬਹਾਲ ਰੱਖਦੀ ਹੈ। ਉਹਨਾਂ ਕਿਹਾ ਕਿ ਅੱਜ ਵੀ ਇਹੋ ਕੁਝ ਹੋਇਆ ਹੈ।
ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਇਹ ਕਹਿੰਦਾ ਰਿਹਾ ਹੈ ਕਿ ਕਾਂਗਰਸ ਸਰਕਾਰ ਅਕਾਲੀ ਲੀਡਰਸ਼ਿਪ ਦੇ ਖਿਲਾਫ ਨਿੱਜੀ ਤੇ ਸਿਆਸੀ ਬਦਲਾਖੋਰੀ ਨਾਲ ਕੰਮ ਕਰ ਰਹੀ ਹੈ ਤੇ ਇਹ ਹਾਲ ਹੀ ਵਿਚ ਵਾਪਰੇ ਘਟਨਾਕ੍ਰਮ ਤੋਂ ਸਾਬਤ ਵੀ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੋਕਾਂ ਨੁੰ ਇਸ ਨੀਤੀ ਦਾ ਖਮਿਆਜ਼ਾ ਝੱਲਣਾ ਪੈਂਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੁੰ ਕੋਰੋਨਾ ਸੰਕਟ ਦਾ ਚਿੱਤ ਚੇਤਾ ਵੀ ਨਹੀਂ ਸੀ ਤੇ ਨਾ ਹੀ ਇਸਨੇ ਅਮਨ ਕਾਨੁੰਨ ਵਿਵਸਥਾ ਵਿਗੜਨ ਦਾ ਖਿਆਲ ਅਕਾਲੀ ਦਲ ਨੁੰ ਨਿਸ਼ਾਨਾ ਬਣਾਉਣ ਵੇਲੇ ਕੀਤਾ।






















