Punjab News: ਬਿਕਰਮ ਮਜੀਠੀਆ ਨੇ ਆਪ ਵਿਧਾਇਕ ਵੱਲੋਂ ਸਬ ਇੰਸਪੈਕਟਰ ਨੂੰ ਆਪਣੇ ਦਫਤਰ ਸੱਦ ਕੇ ਆਪਣੇ ਸਮਰਥਕਾਂ ਤੋਂ ਕੁਟਵਾਉਣ ਲਈ ਵਿਧਾਇਕ ਦੀ ਗ੍ਰਿਫਤਾਰੀ ਮੰਗੀ
ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਪਾਲ ਸਿੰਘ ਵੱਲੋਂ ਇਕ ਸਬ ਇੰਸਪੈਕਟਰ
ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਪਾਲ ਸਿੰਘ ਵੱਲੋਂ ਇਕ ਸਬ ਇੰਸਪੈਕਟਰ ਨੂੰ ਆਪਣੇ ਦਫਤਰ ਸੱਦ ਕੇ ਆਪਣੇ ਸਮਰਥਕਾਂ ਤੋਂ ਕੁੱਟਮਾਰ ਕਰਵਾਉਣ ਦੇ ਮਾਮਲੇ ਵਿਚ ਵਿਧਾਇਕ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਸਬ ਇੰਸਪੈਕਟਰ ਕੈਲਾਸ਼ ਚੰਦਰ ਨੂੰ ਵਿਧਾਇਕ ਵੱਲੋਂ ਸੱਦਿਆ ਗਿਆ ਸੀ ਤੇ ਜਦੋਂ ਉਹ ਆਪਣੇ ਦਫਤਰ ਬੈਠੇ ਸਨ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ ਪਰ ਇਸ ਸਾਰੇ ਮਾਮਲੇ ਵਿਚ ਆਪ ਦੇ ਦੋ ਅਹੁਦੇਦਾਰਾਂ ਖਿਲਾਫ ਐਫ ਆਈ ਆਰ ਦਰਜ ਕਰ ਕੇ ਮਾਮਲੇ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਵੇਰਵੇ ਸਾਂਝੇ ਕਰਦਿਆਂ ਮਜੀਠੀਆ ਨੇ ਦੱਸਿਆ ਕਿ ਸਬ ਇੰਸਪੈਕਟਰ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸਦੇ ਐਸ ਐਚ ਓ ਨੇ ਉਸਨੂੰ ਕਿਹਾ ਸੀ ਕਿ ਉਸਨੂੰ ਵਿਧਾਇਕ ਨੇ ਸੱਦਿਆ ਹੈ ਤੇ ਉਸਨੂੰ ਜਾ ਕੇ ਵਿਧਾਇਕ ਨੂੰ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾਕਿ ਇਸ ਮਗਰੋਂ ਜਦੋਂ ਐਸ ਆਈ ਵਿਧਾਇਕ ਦੇ ਦਫਤਰ ਪੁੱਜਾ ਤਾਂ ਵਿਧਾਇਕ ਦਾ ਬੇਹੱਦ ਕਰੀਬੀ ਤੇ 10 ਸਾਲ ਕੈਦ ਦੀ ਸਜ਼ਾ ਭੁਗਤਣ ਵਾਲੇ ਉਸਦੇ ਕਰੀਬੀ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸਦੀ ਪੱਗ ਲਾਹ ਦਿੱਤੀ। ਐਸ ਆਈ ਨੇ ਇਹ ਵੀ ਦੱਸਿਆ ਕਿ ਦੋਸ਼ੀ ਦਵਿੰਦਰ ਸਿੰਘਜੋ ਇਸ ਵੇਲੇ ਜ਼ਮਾਨਤ ’ਤੇ ਹੈ, ਨੇ ਉਸ ਨਾਲ ਕੁੱਟਮਾਰ ਕੀਤੀ ਜਦੋਂ ਕਿ ਵਿਧਾਇਕ ਦੇ ਇਕ ਹੋਰ ਕਰੀਬੀ ਹਰਜਿੰਦਰ ਸਿੰਘ ਨੇ ਉਸਨੂੰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ ਜਦੋਂ ਇਹ ਸਭ ਕੁਝ ਹੋਇਆ ਤਾਂ ਵਿਧਾਇਕ ਆਪਣੇ ਦਫਤਰ ਵਿਚ ਬੈਠੇ ਸਨ।
ਕੇਸ ਵਿਚ ਵਿਧਾਇਕ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਿਉਂਕਿ ਵਿਧਾਇਕ ਨੇ ਐਸ ਆੲ. ਨੂੰ ਆਪਣੇ ਦਫਤਰ ਸੱਦਿਆ ਸੀ ਤੇ ਪੁਲਿਸ ਅਫਸਰ ਨਾਲ ਵਿਧਾਇਕ ਦੇ ਦਫਤਰ ਵਿਚ ਉਸਦੀ ਹਾਜ਼ਰੀ ਵਿਚ ਕੁੱਟਮਾਰ ਹੋਈ ਤਾਂ ਕੇਸ ਦਾ ਮੁੱਖ ਦੋਸ਼ੀ ਵਿਧਾਇਕ ਬਣਦਾ ਹੈ ਤੇ ਉਸਦੇ ਖਿਲਾਫ ਫੌਰੀ ਕਾਰਵਾਈ ਹੋਣੀ ਚਾਹੀਦੀ ਹੈ।
ਉਹਨਾਂ ਇਹਵੀ ਮੰਗ ਕੀਤੀ ਕਿ ਮਾਮਲੇ ਦੀ ਕਿਸੇ ਜੱਜ ਕੋਲੋਂ ਜਾਂਚ ਕਰਵਾਈ ਜਾਵੇ ਕਿਉਂਕਿ ਬਟਾਲਾ ਪੁਲਿਸ ਤੋਂ ਵਿਧਾਇਕ ਖਿਲਾਫ ਕਾਰਵਾਈ ਦੀ ਆਸ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਬਟਾਲਾ ਦੇ ਐਸ ਐਸ ਪੀ ਨੂੰ ਵਿਧਾਇਕ ਦੇ ਸਮਰਥਕਾਂ ਦਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਜੋ ਕ੍ਰਮਵਾਰ ਹਰਗੋਬਿੰਦਪੁਰ ਸਾਹਿਬ ਹਲਕੇ ਵਿਚ ਆਪ ਦੇ ਯੂਥ ਪ੍ਰਧਾਨ ਤੇ ਸਰਕਲ ਪ੍ਰਧਾਨ ਹਨ, ਖਿਲਾਫ ਕੇਸ ਦਰਜ ਕਰਨ ਵਾਸਤੇ 10 ਘੰਟੇ ਦਾ ਸਮਾਂ ਲੱਗ ਗਿਆ ਤੇ ਉਹ ਮਾਮਲੇ ਵਿਚ ਅਮਰਪਾਲ ਦੀ ਸ਼ਮੂਲੀਅਤ ’ਤੇ ਪਰਦਾ ਪਾ ਰਹੇ ਹਨ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਐਸ ਆਈ ’ਤੇ ਸਮਝੌਤੇ ਵਾਸਤੇ ਦਬਾਅ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਅਫਸਰ ਪੀੜਤ ਹੈ ਤੇ ਉਸਦੀ ਪੱਗ ਲਾਹ ਕੇ ਉਸਦਾ ਅਪਮਾਨ ਕੀਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਐਸ ਆਈ ਦਾ ਬਿਆਨ ਧਾਰਾ 164 ਤਹਿਤ ਮੈਜਿਸਟਰੇਟ ਦੇ ਸਾਹਮਣੇ ਦਰਜ ਕੀਤਾ ਜਾਵੇ।
ਇਸ ਮੌਕੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਆਪ ਵਿਧਾਇਕ ਇਸ ਤਰੀਕੇ ਦਾ ਵਿਵਹਾਰ ਰੈਗੂਲਰ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਇਕ ਹੋਰ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਨੇ ਪੱਤਰਕਾਰ ਗਗਨ ਨੂੰ ਆਪੇ ਦਫਤਰ ਸੱਦ ਕੇ ਉਸ ਨਾਲ ਕੁੱਟਮਾਰ ਕੀਤੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਆਪ ਵਿਧਾਇਕਾਂ ਦੇ ਹੌਂਸਲੇ ਹੋਰ ਬੁਲੰਦ ਹੋ ਰਹੇ ਹਨ ਤੇ ਉਹ ਪੁਲਿਸ ਅਫਸਰਾਂ ਨਾਲ ਕੁੱਟਮਾਰ ਕਰਨ ਲੱਗ ਪਏ ਹਨ।