ਅਸਤੀਫੇ 'ਤੇ ਮਨਜੀਤ ਜੀਕੇ ਦਾ ਆਇਆ ਸਪਸ਼ਟੀਕਰਨ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਗਲੇ 15 ਦਿਨ ਦਿੱਲੀ 'ਚ ਨਾ ਹੋਣ ਕਾਰਨ ਉਨ੍ਹਾਂ ਦਫ਼ਤਰ ਦੇ ਚਾਰਜ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਸੌਂਪਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜੀਕੇ ਪਿਛਲੇ ਚਾਰ ਦਿਨਾਂ ਤੋਂ ਦਫ਼ਤਰ ਨਹੀਂ ਆ ਰਹੇ।
ਜੀਕੇ ਨੇ ਕਿਹਾ ਕਿ ਉਹ ਅਗਲੇ ਦੋ ਹਫ਼ਤੇ ਨਿੱਜੀ ਕੰਮਾਂ 'ਚ ਰੁੱਝੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਨੇ ਵੀ ਇਹ ਪੁਸ਼ਟੀ ਕੀਤੀ ਕਿ ਜੀਕੇ ਨੇ ਸਿਰਫ ਚਾਰਜ ਸੌਂਪਿਆ ਹੈ। ਉਨ੍ਹਾਂ ਦੇ ਅਕਾਲੀ ਦਲ ਨਾਲ ਵਿਵਾਦ ਬਾਰੇ ਪੁੱਛੇ ਸਵਾਲ 'ਤੇ ਜੀਕੇ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਸੱਚੇ ਸਿਪਾਹੀ ਹਨ।
ਜੀਕੇ ਨੇ ਸਪਸ਼ਟ ਕੀਤਾ ਕਿ ਮੇਰੇ ਪਿਤਾ ਦਾ ਕਤਲ ਹੋਇਆ, ਮੇਰੇ 'ਤੇ ਹਮਲੇ ਹੋਏ ਮੈਂ ਤਾਂ ਵੀ ਪਿੱਛੇ ਨਹੀਂ ਹਟਿਆ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ 'ਚ ਟਕਸਾਲੀ ਲੀਡਰਾਂ ਤੇ ਅੱਜ ਦੇ ਲੀਡਰਾਂ 'ਚ ਆਪਸੀ ਤਾਲਮੇਲ ਦੀ ਕਮੀ ਹੈ। ਇਸ 'ਤੇ ਕੰਮ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਪਾਰਟੀ ਲਈ ਨੁਕਸਾਨਦੇਹ ਸਾਬਤ ਹੋਵੇਗਾ।
ਜੀਕੇ ਨੇ ਕਿਹਾ ਭਾਵੇਂ ਬੀਜੇਪੀ ਖਿਲਾਫ ਬੋਲਣਾ ਪਿਆ, ਭਾਵੇ ਕਾਂਗਰਸ ਖਿਲਾਫ, ਮੈਂ ਜ਼ਿੰਮੇਵਾਰੀ ਤੋਂ ਕਦੇ ਨਹੀਂ ਹਟਿਆ। ਉਨ੍ਹਾਂ ਇਹ ਵੀ ਮੰਨਿਆ ਕਿ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਦਾ ਖਾਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ ਹੈ।






















