ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਲੜੇਗੀ ਸੰਗਰੂਰ ਜ਼ਿਮਨੀ ਚੋਣ? ਹਲਕੇ 'ਚ ਹਿੱਲਜੁੱਲ ਮਗਰੋਂ ਮਨਪ੍ਰੀਤ ਨੇ ਕਹੀ ਵੱਡੀ ਗੱਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਸੰਗਰੂਰ ਤੋਂ ਚੋਣ ਲੜ ਸਕਦੇ ਹਨ। ਉਹ ਹਲਕੇ ਵਿੱਚ ਕਾਫੀ ਸਰਗਰਮ ਹਨ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਸੰਗਰੂਰ ਤੋਂ ਚੋਣ ਲੜ ਸਕਦੇ ਹਨ। ਉਹ ਹਲਕੇ ਵਿੱਚ ਕਾਫੀ ਸਰਗਰਮ ਹਨ। ਸੰਗਰੂਰ ਤੋਂ ਭਗਵੰਤ ਮਾਨ ਦੇ ਦੋ ਵਾਰ ਸੰਸਦ ਮੈਂਬਰ ਚੁਣੇ ਜਾਣ ਕਰਕੇ ਮਾਨ ਪਰਿਵਾਰ ਦਾ ਇਸ ਹਲਕੇ ਵਿੱਚ ਚੰਗਾ ਪ੍ਰਭਾਵ ਹੈ। ਇਸ ਚਰਚਾ ਹੈ ਕਿ ਆਮ ਆਦਮੀ ਪਾਰਟੀ ਵੀ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰੇਗੀ।
ਉਧਰ, ਹਲਕੇ ਵਿੱਚ ਸਰਗਰਮ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਚੋਣ ਲੜਨ ਦਾ ਕੋਈ ਦਾਅਵਾ ਤਾਂ ਨਹੀਂ ਕੀਤਾ ਪਰ ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਪਾਰਟੀ ਦਾ ਜੋ ਵੀ ਫੈਸਲਾ ਹੋਵੇਗਾ, ਉਹ ਪ੍ਰਵਾਨ ਹੈ। ਸੰਗਰੂਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਹੋਣੀ ਹੈ। ਇਹ ਸੀਟ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਸਕਦੀ ਹੈ।
ਪਿਛਲੇ ਦਿਨੀਂ ਮੀਡੀਆ ਨੇ ਇਸ ਬਾਰੇ ਪੁੱਛਿਆ ਤਾਂ ਮਨਪ੍ਰੀਤ ਕੌਰ ਨੇ ਕਿਹਾ, "ਪਾਰਟੀ ਸੰਗਰੂਰ ਸੀਟ ਬਾਰੇ ਲੋਕਾਂ ਦੀ ਮੰਗ ’ਤੇ ਫੈਸਲਾ ਕਰੇਗੀ। ਮੈਂ ਸਿਆਸੀ ਤੌਰ 'ਤੇ ਘੁੰਮ ਹੀ ਰਹੀ ਹਾਂ।" ਜਦੋਂ ਉਨ੍ਹਾਂ ਨੂੰ ਚੋਣ ਲੜਨ ਬਾਰੇ ਸਿੱਧਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿੰਤੂ-ਪ੍ਰੰਤੂ ਦੀ ਗੱਲ ਹੈ। ਮਨਪ੍ਰੀਤ ਕੌਰ ਨੇ ਆਪਣੇ ਭਰਾ ਭਗਵੰਤ ਮਾਨ ਦੀ ਚੋਣ ਮੁਹਿੰਮ ਸੰਭਾਲੀ ਸੀ। ਉਹ ਲੋਕ ਸਭਾ ਤੋਂ ਲੈ ਕੇ ਵਿਧਾਨ ਸਭਾ ਤੱਕ ਬਹੁਤ ਐਕਟਿਵ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਨ ਦੀ ਧੂਰੀ ਸੀਟ ਉਨ੍ਹਾਂ ਨੂੰ ਸੌਂਪੀ ਗਈ ਸੀ। ਮਾਨ ਉਦੋਂ ਪੂਰੇ ਪੰਜਾਬ 'ਚ ਪ੍ਰਚਾਰ ਕਰ ਰਹੇ ਸਨ।
ਸੰਗਰੂਰ ਸੀਟ 'ਤੇ ਆਮ ਆਦਮੀ ਪਾਰਟੀ ਨਾਲੋਂ ਭਗਵੰਤ ਮਾਨ ਦਾ ਦਬਦਬਾ ਜ਼ਿਆਦਾ ਹੈ। ਉਹ ਲਗਾਤਾਰ ਦੋ ਵਾਰ ਇੱਥੋਂ ਸੰਸਦ ਮੈਂਬਰ ਚੁਣੇ ਗਏ। ਦੂਜੀ ਵਾਰ 'ਆਪ' ਦੇ ਸਾਰੇ ਉਮੀਦਵਾਰ ਹਾਰ ਗਏ ਪਰ ਭਗਵੰਤ ਮਾਨ ਜਿੱਤਣ 'ਚ ਕਾਮਯਾਬ ਰਹੇ। ਇਸ ਤੋਂ ਬਾਅਦ 'ਆਪ' ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਾ ਦਿੱਤਾ। ਧੂਰੀ ਸੀਟ ਤੋਂ ਵਿਧਾਇਕ ਚੁਣੇ ਜਾਣ ਤੇ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।