Masks back in Punjab: ਕੋਰੋਨਾ ਦੇ ਵਧ ਰਹੇ ਕੇਸਾਂ ਕਰਕੇ ਸਖ਼ਤੀ ਮੁੜ ਲਾਗੂ, ਹੁਣ ਪੰਜਾਬ 'ਚ ਵੀ ਮਾਸਕ ਹੋਇਆ ਲਾਜ਼ਮੀ
Masks back in Punjab: ਕੋਰੋਨਾ ਦੇ ਵਧ ਰਹੇ ਕੇਸਾਂ ਕਰਕੇ ਸਖ਼ਤੀ ਮੁੜ ਲਾਗੂ, ਹੁਣ ਪੰਜਾਬ 'ਚ ਵੀ ਮਾਸਕ ਹੋਇਆ ਲਾਜ਼ਮੀ
Punjab Government: ਪੰਜਾਬ ਸਰਕਾਰ ਨੇ ਵੀਰਵਾਰ ਨੂੰ ਇੱਕ ਤਾਜ਼ਾ ਐਡਵਾਈਜ਼ਰੀ ਜਾਰੀ ਕਰਕੇ ਵਸਨੀਕਾਂ ਨੂੰ ਵੱਡੇ ਇਕੱਠਾਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਨਤਕ ਥਾਵਾਂ ਉੱਪਰ ਮਾਸਕ ਪਾਉਣਾ ਲਾਜ਼ਮੀ ਹੈ। ਇਹ ਫੈਸਲਾ ਕੋਰੋਨਾ ਕੇਸਾਂ ਵਿੱਚ ਵਾਧੇ ਨੂੰ ਵੇਖਦਿਆਂ ਲਿਆ ਗਿਆ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਇੱਕ ਵਾਰ ਫ਼ਿਰ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। ਬੁੱਧਵਾਰ ਨੂੰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 30 ਨਵੇਂ ਮਰੀਜ਼ ਮਿਲੇ ਜਿਸ ਤੋਂ ਬਾਅਦ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 113 ਹੋ ਗਈ ਹੈ। ਇਨ੍ਹਾਂ 'ਚੋਂ 4 ਮਰੀਜ਼ ਆਕਸੀਜਨ ਸਪੋਰਟ 'ਤੇ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ 11 ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਕੋਰੋਨਾ ਦੀ ਚੌਥੀ ਲਹਿਰ ਆਉਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਕੋਰੋਨਾ ਦੇ ਸੈਂਪਲਿੰਗ ਤੇ ਟੈਸਟਿੰਗ ਨੂੰ ਵੀ ਵਧਾ ਦਿੱਤਾ ਹੈ। ਬੁੱਧਵਾਰ ਨੂੰ 9812 ਸੈਂਪਲ ਲੈ ਕੇ 9577 ਟੈਸਟ ਕੀਤੇ ਗਏ।
ਪੰਜਾਬ ਵਿੱਚ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 7 ਤੇ ਮੋਹਾਲੀ ਵਿੱਚ 5 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਪੌਜ਼ੇਟੀਵਿਟੀ ਦਰ ਵੀ 1% ਤੋਂ ਉੱਪਰ ਹੈ। ਇਸ ਤੋਂ ਇਲਾਵਾ ਜਲੰਧਰ ਤੇ ਪਟਿਆਲਾ ਵਿੱਚ 4-4, ਫਰੀਦਕੋਟ, ਲੁਧਿਆਣਾ ਤੇ ਪਠਾਨਕੋਟ ਵਿੱਚ 2-2 ਮਰੀਜ਼ ਪਾਏ ਗਏ ਹਨ। ਫਤਿਹਗੜ੍ਹ ਸਾਹਿਬ, ਕਪੂਰਥਲਾ ਤੇ ਮੁਕਤਸਰ ਵਿੱਚ 1-1 ਮਰੀਜ਼ ਪਾਇਆ ਗਿਆ। ਰਾਜ ਵਿੱਚ ਇਸ ਸਮੇਂ ਪੌਜ਼ੇਟੀਵਿਟੀ ਦਰ 0.31% ਹੈ।
ਪੰਜਾਬ 'ਚ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਵੀ ਅਲਰਟ ਮੋਡ 'ਤੇ ਹੈ। ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਸਿਵਲ ਸਰਜਨਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਹੁਣ ਚਿੰਤਾ ਦੀ ਕੋਈ ਗੱਲ ਨਹੀਂ। ਫਿਰ ਵੀ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਤੇ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ ਇਸ ਬੈਠਕ 'ਚ ਇਸ ਗੱਲ 'ਤੇ ਵੀ ਚਰਚਾ ਹੋਈ ਕਿ ਜੇਕਰ ਮਾਮਲਿਆਂ 'ਚ ਵਾਧਾ ਹੁੰਦਾ ਹੈ ਤਾਂ ਸਰਕਾਰ ਜਨਤਕ ਥਾਵਾਂ 'ਤੇ ਮਾਸਕ ਲਗਾਉਣਾ ਲਾਜ਼ਮੀ ਕਰ ਸਕਦੀ ਹੈ।