![ABP Premium](https://cdn.abplive.com/imagebank/Premium-ad-Icon.png)
Mattewara: ਟੈਕਸਟਾਈਲ ਪਾਰਕ ਲਾਉਣ ਦੇ ਵਿਰੋਧ 'ਚ PAC ਕਮੇਟੀ ਅੱਜ ਕਰੇਗੀ ਮੁੱਖ ਮੰਤਰੀ ਨਾਲ ਮੁਲਾਕਾਤ
ਮੱਤੇਵਾੜਾ ਦੇ ਜੰਗਲਾਂ 'ਚ ਬਣ ਰਹੇ ਟੈਕਸਟਾਈਲ ਪਾਰਕ ਦੇ ਵਿਰੋਧ ਵਿੱਚ ਮੱਤੇਵਾੜਾ ਦੀ ਪੀਏਸੀ (PAC) ਕਮੇਟੀ ਅੱਜ ਦੁਪਹਿਰ 1:00 ਵਜੇ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਕਰੇਗੀ।
![Mattewara: ਟੈਕਸਟਾਈਲ ਪਾਰਕ ਲਾਉਣ ਦੇ ਵਿਰੋਧ 'ਚ PAC ਕਮੇਟੀ ਅੱਜ ਕਰੇਗੀ ਮੁੱਖ ਮੰਤਰੀ ਨਾਲ ਮੁਲਾਕਾਤ Mattewara Forest, PAC committee will meet Chief Minister today to protest against establishment of textile parks Mattewara: ਟੈਕਸਟਾਈਲ ਪਾਰਕ ਲਾਉਣ ਦੇ ਵਿਰੋਧ 'ਚ PAC ਕਮੇਟੀ ਅੱਜ ਕਰੇਗੀ ਮੁੱਖ ਮੰਤਰੀ ਨਾਲ ਮੁਲਾਕਾਤ](https://feeds.abplive.com/onecms/images/uploaded-images/2022/07/01/5d38aff32c29ce5da0e9b55391915ed2_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਮੱਤੇਵਾੜਾ ਦੇ ਜੰਗਲਾਂ 'ਚ ਬਣ ਰਹੇ ਟੈਕਸਟਾਈਲ ਪਾਰਕ ਦੇ ਵਿਰੋਧ ਵਿੱਚ ਮੱਤੇਵਾੜਾ ਦੀ ਪੀਏਸੀ (PAC) ਕਮੇਟੀ ਅੱਜ ਦੁਪਹਿਰ 1:00 ਵਜੇ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਕਰੇਗੀ। ਲੁਧਿਆਣਾ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਅਤੇ ਟੈਕਸਟਾਈਲ ਪਾਰਕ ਲਾਉਣ ਦੇ ਵਿਰੋਧ 'ਚ ਐਤਵਾਰ ਨੂੰ ਵਿਰੋਧੀ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਕਾਂਗਰਸ ਦੇ ਲੀਡਰ ਮੌਕੇ ਤੇ ਪਹੁੰਚੇ। ਕਿਸਾਨ ਯੂਨੀਅਨ ਦੇ ਲੀਡਰਾਂ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਤੇ ਨਾਲ ਹੀ ਵਾਤਾਵਰਨ ਪ੍ਰੇਮੀ ਵੀ ਪਹੁੰਚੇ।ਜਿਨ੍ਹਾਂ ਵੱਲੋਂ ਮਤਾ ਪਾਇਆ ਗਿਆ ਕਿ ਟੈਕਸਟਾਈਲ ਪਾਰਕ ਕਿਸੇ ਵੀ ਸੂਰਤ 'ਚ ਨਹੀਂ ਬਣਨ ਦਿੱਤਾ ਜਾਵੇਗਾ।
ਕਾਂਗਰਸ 'ਤੇ ਸਵਾਲ
ਐਤਵਾਰ ਨੂੰ ਮੱਤੇਵਾੜਾ ਵਿੱਚ ਹੋਏ ਵੱਡੇ ਇਕੱਠ 'ਚ ਕਾਂਗਰਸ ਦੇ ਲੀਡਰ ਵੀ ਸ਼ਾਮਿਲ ਹੋਣ ਪੁਜੇ, ਰਾਜਾ ਵੜਿੰਗ ਦੇ ਨਾਲ ਪ੍ਰਗਟ ਸਿੰਘ ਤੇ ਸੁਖਪਾਲ ਖਹਿਰਾ ਵੀ ਪੁੱਜੇ, ਇਸ ਮੌਕੇ ਪ੍ਰਗਟ ਸਿੰਘ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਇਹ ਪ੍ਰੋਜੈਕਟ ਕਾਂਗਰਸ ਦੀ ਦੇਣ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਉਸ ਵੇਲੇ ਵੀ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਸੀ ਅੱਜ ਵੀ ਕਰਦਾ ਹਾਂ ਉਨ੍ਹਾਂ ਕਿਹਾ ਕਿ ਅਸੀਂ ਆਪਣਾ ਆਪ ਉਜਾੜ ਰਹੇਂ ਹਾਂ, ਓਥੇ ਹੀ ਖਹਿਰਾ ਨੇ ਕਿਹਾ ਕਿ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਉਨਾਂ ਕਿਹਾ ਕਿ ਅਸੀਂ ਵਿਧਾਨ ਸਭਾ 'ਚ ਵੀ ਇਸ ਦਾ ਵਿਰੋਧ ਕੀਤਾ ਸੀ ਭਗਵੰਤ ਮਾਨ ਖੁਦ ਇਸ ਦਾ ਕਿਸੇ ਸਮੇਂ ਵਿਰੋਧ ਕਰਦੇ ਸਨ ਜੋ ਖੁਦ ਅੱਜ ਇਸ ਨੂੰ ਪਰਵਾਨਗੀ ਦੇ ਰਹੇ ਹਨ।
ਅਕਾਲੀ ਦਲ ਨੇ ਘੇਰੀ 'ਆਪ'
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਮੱਤੇਵਾੜਾ ਜੰਗਲਾਂ ਨੂੰ ਬਚਾਉਣ ਲਈ ਅੱਜ ਸਮਾਜ ਸੇਵੀ ਸੰਸਥਾਵਾਂ ਤੇ ਵਾਤਾਵਰਨ ਪ੍ਰੇਮੀਆਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਤੋਂ ਇਲਾਵਾ ਹੀਰਾ ਸਿੰਘ ਗਾਬੜੀਆ ਵੀ ਮੌਕੇ ਤੇ ਪਹੁੰਚੇ। ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਇਹ ਪ੍ਰਾਜੈਕਟ ਸਾਡੀ ਦੇਣ ਨਹੀਂ ਸਗੋਂ ਕਾਂਗਰਸ ਦੀ ਦੇਣ ਹੈ।
ਕਿਸਾਨ ਜਥੇਬੰਦੀਆਂ ਦਾ ਐਲਾਨ
ਮੱਤੇਵਾੜਾ ਦੇ ਜੰਗਲਾਂ ਵਿੱਚ ਟੈਕਸਟਾਈਲ ਪਾਰਕ ਲਾਉਣ ਦੇ ਵਿਰੋਧ ਵਿੱਚ ਅੱਜ ਕਿਸਾਨ ਯੂਨੀਅਨਾਂ ਵੀ ਵੱਡੀ ਤਦਾਦ ਵਿਚ ਪਹੁੰਚੀਆਂ।ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਤਲੁਜ ਦਾ ਪਾਣੀ ਗੰਧਲਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਤੋਂ ਪਹਿਲਾਂ ਹੀ ਉਹਨਾਂ ਨੇ ਇਸਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਸੀ। ਉਥੇ ਹੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹ ਫੈਸਲਾ ਵਾਪਸ ਨਹੀਂ ਲਿਆ ਗਿਆ ਤਾਂ ਉਹ ਇਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਣਗੇ ਅਤੇ ਜੇਕਰ ਲੋੜ ਪਈ ਤਾਂ ਮੋਰਚੇ ਲਾਕੇ ਇਸ ਦਾ ਵਿਰੋਧ ਕਰਨਗੇ।
ਪਿੰਡ ਵਾਸੀਆਂ ਵੱਲੋਂ ਵਿਰੋਧ
ਸਾਡੀ ਟੀਮ ਵੱਲੋਂ ਮੱਤੇਵਾੜਾ ਦੇ ਨੇੜੇ-ਤੇੜੇ ਰਹਿੰਦੇ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਇਹ ਜ਼ਮੀਨ ਚਾਹੀਦੀ ਸੀ ਤਾਂ ਇਸ ਤੇ ਕੋਈ ਵੱਡਾ ਕਾਲਜ ਜਾਂ ਹਸਪਤਾਲ ਖੋਲਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਪਹਿਲਾਂ ਹੀ ਇੰਡਸਟਰੀ ਦੀ ਵੱਡੀ ਗਿਣਤੀ ਹੈ ਅਜਿਹੇ ਵਿੱਚ ਇੱਥੇ ਟੈਕਸਟਾਈਲ ਪਾਰਕ ਲਾਉਣ ਦੀ ਲੋੜ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇੰਡਸਟਰੀ ਲਾਉਣੀ ਹੈ ਤਾਂ ਕਿਸੇ ਉਜਾੜੇ ਵਾਲੀ ਥਾਂ ਤੇ ਲਾਈ ਜਾਵੇ ਤਾਂ ਜੋ ਵਾਤਾਵਰਣ ਨੂੰ ਇਸ ਦਾ ਮਾੜਾ ਅਸਰ ਨਾ ਪਵੇ।
ਨੌਜਵਾਨਾਂ ਨੇ ਕੀਤਾ ਵਿਰੋਧ
ਇਸ ਦੌਰਾਨ ਨੌਜਵਾਨਾਂ ਨੇ ਕਿਹਾ ਕਿ ਭਗਵੰਤ ਮਾਨ ਦਾਅਵੇ ਕਰ ਰਹੇ ਹਨ ਕਿ ਇਸ ਨਾਲ ਆਮ ਲੋਕਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਪਰ ਉਹ ਇਹ ਨਹੀਂ ਜਾਣਦੇ ਕਿ ਫੈਕਟਰੀਆਂ ਦੇ ਵਿਚ ਸਿਰਫ਼ ਪ੍ਰਵਾਸੀਆਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਉਨ੍ਹਾਂ ਕਿਹਾ ਕਿ ਸਾਨੂੰ ਨੌਕਰੀਆਂ ਤੋਂ ਵਾਂਝੇ ਰੱਖਿਆ ਜਾਂਦਾ ਹੈ ਇਹ ਸਿਰਫ ਸਰਕਾਰ ਦੀਆਂ ਚਾਲਾਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)