MLA Pathanmajra Controversy: ਆਖਰ ਵਿਧਾਇਕ ਪਠਾਨਮਾਜਰਾ ਖਿਲਾਫ ਕਿਉਂ ਹੋਇਆ ਐਕਸ਼ਨ! ਸੱਚਾਈ ਜਾਣ ਕੇ ਹੋ ਜਾਓਗੇ ਹੈਰਾਨ
ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਨੇ ਆਪਣੇ ਹੀ ਇੱਕ ਹੋਰ ਵਿਧਾਇਕ ਖਿਲਾਫ ਸਖਤ ਐਕਸ਼ਨ ਲਿਆ ਹੈ। ਸਨੌਰ ਵਿਧਾਨ ਸਭਾ ਸੀਟ ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਖਿਲਾਫ ਆਈਪੀਸੀ ਦੀ ਧਾਰਾ 376 (ਬਲਾਤਕਾਰ

MLA Harmeet Singh Pathanmajra Controversy: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਨੇ ਆਪਣੇ ਹੀ ਇੱਕ ਹੋਰ ਵਿਧਾਇਕ ਖਿਲਾਫ ਸਖਤ ਐਕਸ਼ਨ ਲਿਆ ਹੈ। ਸਨੌਰ ਵਿਧਾਨ ਸਭਾ ਸੀਟ ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਖਿਲਾਫ ਆਈਪੀਸੀ ਦੀ ਧਾਰਾ 376 (ਬਲਾਤਕਾਰ) ਤਹਿਤ ਕੇਸ ਦਰਜ ਕਰਕੇ ਅੱਜ ਸਵੇਰੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਪੁਲਿਸ ਨੇ ਹਿਰਾਸਤ 'ਚੋਂ ਫਰਾਰ ਹੋਣ ਦਾ ਦਾਅਵਾ ਕੀਤਾ ਹੈ।
ਪੁਲਿਸ ਮੁਤਾਬਕ ਮੰਗਲਵਾਰ ਸਵੇਰੇ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕਰਨ ਮਗਰੋਂ ਪੁਲਿਸ ਟੀਮ ਉਨ੍ਹਾਂ ਨੂੰ ਥਾਣੇ ਲੈ ਜਾ ਰਹੀ ਸੀ। ਇਸ ਦੌਰਾਨ ਪਠਾਨਮਾਜਰਾ ਤੇ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਫਾਇਰਿੰਗ ਕੀਤੀ ਤੇ ਉਨ੍ਹਾਂ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਪਠਾਨਮਾਜਰਾ ਤੇ ਉਨ੍ਹਾਂ ਦੇ ਸਾਥੀ ਸਕਾਰਪੀਓ ਤੇ ਫਾਰਚੂਨਰ ਗੱਡੀਆਂ ਵਿੱਚ ਭੱਜ ਗਏ। ਪੁਲਿਸ ਨੇ ਫਾਰਚੂਨਰ ਫੜ ਲਈ ਹੈ ਜਦੋਂਕਿ ਪੁਲਿਸ ਟੀਮ ਸਕਾਰਪੀਓ ਵਿੱਚ ਫਰਾਰ ਵਿਧਾਇਕ ਦਾ ਪਿੱਛਾ ਕਰ ਰਹੀ ਹੈ।
ਉਧਰ, ਵਿਧਾਇਕ ਪਠਾਨਮਾਜਰਾ ਖਿਲਾਫ ਐਕਸ਼ਨ ਬਾਰੇ ਸੋਸ਼ਲ ਮੀਡੀਆ ਉਪਰ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਅਜੇ ਦੋ ਦਿਨ ਪਹਿਲਾਂ ਹੀ ਵਿਧਾਇਕ ਪਠਾਨਮਾਜਰਾ ਨੇ ਹੜ੍ਹਾਂ ਨੂੰ ਲੈ ਕੇ ਆਪਣੀ ਹੀ ਸਰਕਾਰ ਉਪਰ ਸਵਾਲ ਖੜ੍ਹੇ ਕੀਤੇ ਸੀ। ਉਨ੍ਹਾਂ ਨੇ ਦਿੱਲੀ ਦੀ ਲੀਡਰਸ਼ਿਪ ਦੀ ਦਖਲਅੰਦਾਜੀ ਉਪਰ ਵੀ ਸਵਾਲ ਉਠਾਏ ਸੀ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਸਾਹਮਣੇ ਇਹ ਵੀ ਇਸ਼ਾਰਾ ਕੀਤਾ ਸੀ ਕਿ ਉਨ੍ਹਾਂ ਖਿਲਾਫ ਐਕਸ਼ਨ ਹੋ ਸਕਦਾ ਹੈ।
ਇਸ ਮਗਰੋਂ ਵਿਧਾਇਕ ਪਠਾਨਮਾਜਰਾ ਦੀ ਸਕਿਊਰਟੀ ਵਾਪਸ ਲੈ ਲਈ ਗਈ। ਉਨ੍ਹਾਂ ਦੇ ਹਲਕੇ ਅੰਦਰ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ। ਇਸ ਲਈ ਉਨ੍ਹਾਂ ਨੇ ਕੱਲ੍ਹ ਹੀ ਗ੍ਰਿਫਤਾਰੀ ਦੀ ਸ਼ੰਕਾ ਜਾਹਿਰ ਕੀਤੀ ਸੀ। ਹੁਣ ਸਵਾਲ ਉੱਠ ਰਹੇ ਹਨ ਕਿ ਕੀ ਵਿਧਾਇਕ ਪਠਾਨਮਾਜਰਾ ਨੇ ਇਸ ਕੇਸ ਕਰਕੇ ਹੀ ਆਪਣੀ ਸਰਕਾਰ ਉਪਰ ਸਵਾਲ ਉਠਾਏ ਸੀ। ਕੀ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਪੁਰਾਣੇ ਕੇਸ ਵਿੱਚ ਉਨ੍ਹਾਂ ਖਿਲਾਫ ਐਕਸ਼ਨ ਹੋਣ ਜਾ ਰਿਹਾ ਹੈ।
ਦਰਅਸਲ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਪਠਾਨਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਸਾਬਕਾ ਪਤਨੀ ਨਾਲ ਸਬੰਧਤ ਇੱਕ ਪੁਰਾਣੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 (ਬਲਾਤਕਾਰ) ਤਹਿਤ ਕੇਸ ਦਰਜ ਕੀਤਾ ਹੈ। ਦਿੱਲੀ ਦੀ 'ਆਪ' ਟੀਮ ਪੰਜਾਬ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮੇਰੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਸਾਲ 2022 ਵਿੱਚ ਪਠਾਨਮਾਜਰਾ 'ਤੇ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਆਪਣੇ ਪਹਿਲੇ ਵਿਆਹ ਨੂੰ ਲੁਕਾਉਣ ਤੇ ਮਾਰਕੁੱਟ ਦਾ ਦੋਸ਼ ਲਗਾਇਆ ਸੀ। ਇਸ ਤੋਂ ਇਲਾਵਾ ਇੱਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਸੁਰਖੀਆਂ ਵਿੱਚ ਰਹੇ ਸੀ।
ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਸਾਹਮਣੇ ਆਈ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਅਸੀਂ ਕੱਲ੍ਹ ਆਪਣੀ ਆਵਾਜ਼ ਉਠਾਈ ਸੀ ਕਿ ਕ੍ਰਿਸ਼ਨ ਕੁਮਾਰ ਇੱਕ ਮਾੜਾ ਅਧਿਕਾਰੀ ਹੈ ਤੇ ਇਹ ਹੜ੍ਹ ਘਟਨਾਵਾਂ ਉਸ ਦੀ ਅਯੋਗਤਾ ਕਾਰਨ ਵਾਪਰੀਆਂ। ਉਸ ਤੋਂ ਬਾਅਦ ਕੱਲ੍ਹ ਮੇਰੇ ਗੰਨਮੈਨਾਂ ਨੂੰ ਵਾਪਸ ਲੈ ਲਿਆ ਗਿਆ। ਹੁਣ ਮੇਰੇ ਖਿਲਾਫ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਪੰਜਾਬ ਪੁਲਿਸ ਮੈਨੂੰ ਹਰਿਆਣਾ ਤੋਂ ਲੈਣ ਆਈ ਹੈ।
ਪਠਾਨਮਾਜਰਾ ਨੇ ਕਿਹਾ ਕਿ ਹਾਈ ਕੋਰਟ ਵਿੱਚ ਔਰਤ ਖਿਲਾਫ ਪਹਿਲਾਂ ਹੀ 2 ਮਾਮਲੇ ਦਰਜ ਹਨ, ਜਦੋਂਕਿ ਉਸ ਖਿਲਾਫ ਇੱਕ ਗੈਰ-ਕਾਨੂੰਨੀ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨਾਲ ਜੋ ਵੀ ਹੋਇਆ, ਉਹ ਪੰਜਾਬ ਦੀ ਆਵਾਜ਼ ਉਠਾਉਣ ਕਾਰਨ ਹੋਇਆ ਹੈ। ਪਠਾਨਮਾਜਰਾ ਨੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਜਾਗਣ ਦੀ ਅਪੀਲ ਕੀਤੀ ਤੇ ਕਿਹਾ ਕਿ ਜੇਕਰ ਉਹ ਅੱਜ ਨਹੀਂ ਜਾਗੇ ਤਾਂ ਉਨ੍ਹਾਂ ਨਾਲ ਵੀ ਅਜਿਹਾ ਹੀ ਹੋਵੇਗਾ।
ਦੱਸ ਦਈਏ ਕਿ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਵਕੀਲ ਬਿਕਰਮਜੀਤ ਸਿੰਘ ਭੁੱਲਰ ਨੇ ਕਿਹਾ ਕਿ 1 ਸਤੰਬਰ, 2025 ਨੂੰ ਪਟਿਆਲਾ ਪੁਲਿਸ ਨੇ ਪਠਾਨਮਾਜਰਾ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਮਾਮਲਾ ਜ਼ੀਰਕਪੁਰ ਦੀ ਇੱਕ ਔਰਤ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜਿਸ ਨੇ ਕਿਹਾ ਹੈ ਕਿ ਉਹ ਤੇ ਪਠਾਨਮਾਜਰਾ 2013-14 ਵਿੱਚ ਸੋਸ਼ਲ ਮੀਡੀਆ 'ਤੇ ਮਿਲੇ ਸਨ ਤੇ 2021 ਵਿੱਚ ਵਿਆਹ ਕਰਵਾ ਲਿਆ ਸੀ। ਭੁੱਲਰ ਨੇ ਅੱਗੇ ਕਿਹਾ ਕਿ ਪਠਾਨਮਾਜਰਾ ਨੂੰ ਮਾਰਚ 2022 ਵਿੱਚ ਪਟਿਆਲਾ ਦੇ ਸਨੌਰ ਤੋਂ ਚੋਣ ਲੜਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ 23 ਅਗਸਤ, 2022 ਨੂੰ ਔਰਤ ਨੇ ਪੰਜਾਬ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਜਿਸ ਤੋਂ ਬਾਅਦ ਅਦਾਲਤ ਨੇ 2024 ਵਿੱਚ ਰੋਪੜ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ।
ਐਡਵੋਕੇਟ ਭੁੱਲਰ ਨੇ ਇਹ ਵੀ ਦੱਸਿਆ ਕਿ ਔਰਤ ਵਿਰੁੱਧ ਆਈਟੀ ਐਕਟ ਤਹਿਤ 4-5 ਮਾਮਲੇ ਦਰਜ ਹਨ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਪਟਿਆਲਾ ਵਿੱਚ ਹਾਲਾਤ ਖ਼ਰਾਬ ਹਨ। ਵਿਧਾਇਕ ਪਠਾਨਮਾਜਰਾ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਕਰ ਰਹੇ ਸੀ। ਉਹ ਸੋਸ਼ਲ ਮੀਡੀਆ 'ਤੇ ਲਾਈਵ ਹੋਏ ਤੇ ਇੱਕ ਆਈਏਐਸ ਅਧਿਕਾਰੀ 'ਤੇ ਦੋਸ਼ ਲਾਏ। ਇਸ ਤੋਂ ਬਾਅਦ 2013 ਦੇ ਇੱਕ ਮਾਮਲੇ ਵਿੱਚ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ।






















