ਵਿਧਾਇਕ ਸ਼ੀਤਲ ਅੰਗੁਰਾਲ ਨੇ DC ਦਫ਼ਤਰ ਦੀ ਕੀਤੀ ਚੈਕਿੰਗ, ਅਧਿਕਾਰੀਆਂ-ਕਰਮਚਾਰੀਆਂ ਨਾਲ ਬਹਿਸ, ਡੀਸੀ ਦਫ਼ਤਰ ਐਸੋਸੀਏਸ਼ਨ ਨੇ ਕੀਤੀ ਹੜਤਾਲ
ਜਲੰਧਰ ਪੱਛਮੀ ਤੋਂ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਅੱਜ ਖੁਦ ਡੀਸੀ ਦਫਤਰ ਜਾ ਕੇ ਚੈਕਿੰਗ ਕੀਤੀ।
ਜਲੰਧਰ ਪੱਛਮੀ ਤੋਂ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਅੱਜ ਖੁਦ ਡੀਸੀ ਦਫਤਰ ਜਾ ਕੇ ਚੈਕਿੰਗ ਕੀਤੀ। ਉਨ੍ਹਾਂ ਡੀਸੀ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਜਾ ਕੇ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਕੋਲ ਵੀ ਜਾ ਕੇ ਸ਼ਿਕਾਇਤ ਕੀਤੀ ਕਿ ਡੀਸੀ ਦਫ਼ਤਰ ਵਿੱਚ ਜੋ ਏਜੰਟ ਕਲਚਰ ਚੱਲ ਰਿਹਾ ਹੈ, ਉਸ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ।
ਸ਼ੀਤਲ ਅੰਗੁਰਾਲ ਨੇ ਡੀਸੀ ਦਫਤਰ ਦੀ ਸੁਪਰਡੈਂਟ ਪਰਮਿੰਦਰ ਕੌਰ ਦੇ ਦਫਤਰ ਜਾ ਕੇ ਕਿਹਾ ਕਿ ਬਾਹਰ ਏਜੰਟਾਂ ਦੀ ਲਾਈਨ ਲੱਗੀ ਹੋਈ ਹੈ। ਜੇਕਰ ਕੋਈ ਵਿਅਕਤੀ ਸਿੱਧੇ ਤੌਰ 'ਤੇ ਕੰਮ ਕਰਵਾਉਣ ਲਈ ਆਉਂਦਾ ਹੈ ਤਾਂ ਉਸ ਨੂੰ ਪੁੱਛਿਆ ਤੱਕ ਨਹੀਂ ਜਾਂਦਾ, ਜਦੋਂ ਕਿ ਏਜੰਟ ਦੇ ਮਾਧਿਅਮ ਰਾਹੀਂ ਕੰਮ ਜਲਦੀ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਸਵੇਰ ਤੋਂ ਹੀ ਉਨ੍ਹਾਂ ਨੇ ਡੀਸੀ ਦਫ਼ਤਰ ਵਿੱਚ ਆਪਣੇ ਲੋਕਾਂ ਨੂੰ ਲਾਇਆ ਹੋਇਆ ਸੀ। ਜਿਸ ਨੇ ਵੀਡੀਓਗ੍ਰਾਫੀ ਵੀ ਕੀਤੀ ਹੈ। ਉਨ੍ਹਾਂ ਕੋਲ ਸਬੂਤ ਹਨ ਕਿ ਏਜੰਟ ਪੰਜ ਤੋਂ ਦਸ ਹਜ਼ਾਰ ਰੁਪਏ ਲੈ ਕੇ ਲੋਕਾਂ ਤੋਂ ਕੰਮ ਕਰਵਾ ਰਹੇ ਹਨ ,ਜਦੋਂਕਿ ਕੋਈ ਵੀ ਉਨ੍ਹਾਂ ਨੂੰ ਸਿੱਧੇ ਅਧਿਕਾਰੀਆਂ ਕੋਲ ਜਾਣ ਲਈ ਨਹੀਂ ਕਹਿ ਰਿਹਾ।
ਉਧਰ, ਸੁਪਰਡੈਂਟ ਪਰਮਿੰਦਰ ਕੌਰ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਕੋਲ ਕੋਈ ਏਜੰਟ ਨਹੀਂ ਆਉਂਦਾ। ਵਕੀਲਾਂ ਦੇ ਮੁਨਸ਼ੀ ਜ਼ਰੂਰ ਉਨ੍ਹਾਂ ਕੋਲ ਵਕੀਲਾਂ ਦਾ ਕੰਮ ਲੈ ਕੇ ਆਉਂਦੇ ਹਨ। ਵਿਧਾਇਕ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਹਵਾ ਵਿੱਚ ਗੱਲ ਨਹੀਂ ਕਰ ਰਹੇ ਹਨ। ਉਨ੍ਹਾਂ ਕੋਲ ਠੋਸ ਸਬੂਤ ਹਨ। ਤੁਸੀਂ ਇਮਾਨਦਾਰ ਹੋ ਸਕਦੇ ਹੋ ਪਰ ਤੁਹਾਡੇ ਦਫਤਰ ਦੇ ਬਾਹਰ ਭ੍ਰਿਸ਼ਟਾਚਾਰ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੈਨਲਾਂ 'ਤੇ ਅਖਬਾਰਾਂ 'ਚ ਸਾਈਟਾਂ 'ਤੇ ਡੀ.ਸੀ ਦਫਤਰ 'ਚ ਭ੍ਰਿਸ਼ਟਾਚਾਰ ਦੀਆਂ ਖਬਰਾਂ ਆ ਰਹੀਆਂ ਹਨ। ਇਸ ’ਤੇ ਮਹਿਲਾ ਸੁਪਰਡੈਂਟ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਇਨ੍ਹਾਂ ਰਿਪੋਰਟਾਂ ਸਬੰਧੀ ਡੀਸੀ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਰਿਪੋਰਟਾਂ ਬੇਬੁਨਿਆਦ ਹਨ। ਜੇਕਰ ਉਸ ਨੇ ਕਿਸੇ ਤੋਂ ਇੱਕ ਰੁਪਿਆ ਵੀ ਰਿਸ਼ਵਤ ਲਿਆ ਹੈ ਤਾਂ ਇਹ ਸਾਬਤ ਕੀਤਾ ਜਾਵੇ।
ਡੀਸੀ ਜਸਪ੍ਰੀਤ ਸਿੰਘ ਨੇ ਏਡੀਸੀ ਅਤੇ ਸੁਪਰਡੈਂਟ ਨੂੰ ਵਿਧਾਇਕ ਦੇ ਸਾਹਮਣੇ ਬਿਠਾ ਕੇ ਗੱਲਬਾਤ ਕੀਤੀ। ਵਿਧਾਇਕ ਨੇ ਡੀਸੀ ਨਾਲ ਮੀਟਿੰਗ ਵਿੱਚ ਦੋਸ਼ ਲਾਏ ਕਿ ਏਡੀਸੀ ਨੇ ਛੁੱਟੀ ਵਾਲੇ ਦਿਨ ਆਰੀਅਨ ਅਕੈਡਮੀ ਦਾ ਲਾਇਸੈਂਸ ਬਹਾਲ ਕਰ ਦਿੱਤਾ। ਇਸ 'ਤੇ ਏਡੀਸੀ ਮੇਜਰ ਅਮਿਤ ਸਰੀਨ ਗੁੱਸੇ 'ਚ ਆ ਕੇ ਕੁਰਸੀ ਤੋਂ ਉੱਠ ਗਏ।
ਸ਼ੀਤਲ ਦੀ ਕਾਰਵਾਈ ਕਾਰਨ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵਿੱਚ ਰੋਹ
ਇਸੇ ਦੌਰਾਨ ਅੱਜ ਡੀਸੀ ਦਫ਼ਤਰ ਵਿੱਚ ਵੱਖ-ਵੱਖ ਬਰਾਂਚਾਂ ਵਿੱਚ ਸ਼ੀਤਲ ਅੰਗੁਰਾਲ ਵੱਲੋਂ ਦਿੱਤੇ ਗਏ ਖੜਕਾਏ ਤੋਂ ਬਾਅਦ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੇ ਵਿਧਾਇਕ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਡੀਸੀ ਦਫ਼ਤਰ ਸਟਾਫ਼ ਐਸੋਸੀਏਸ਼ਨ ਨੇ ਕਿਹਾ ਕਿ ਵਿਧਾਇਕ ਦਾ ਰਵੱਈਆ ਠੀਕ ਨਹੀਂ ਹੈ। ਉਸ ਨੇ ਸੁਪਰਡੈਂਟ ਤੇ ਏਡੀਸੀ ਨਾਲ ਬਦਸਲੂਕੀ ਕੀਤੀ ਅਤੇ ਕਰਮਚਾਰੀ ਨਾਲ ਵੀ ਬਹਿਸ ਕੀਤੀ।