'ਮੋਦੀ ਹਕੂਮਤ ਦੇ ਲੋਕ ਵਿਰੋਧੀ ਫੈਸਲੇ ਨਵੇਂ ਭਿਆਨਕ ਸੰਕਟ ਨੂੰ ਜਨਮ ਦੇ ਰਹੇ': ਕਿਸਾਨਾਂ ਨੇ ਲਾਏ ਗੰਭੀਰ ਇਲਜ਼ਾਮ
32 ਜਥੇਬੰਦੀਆਂ 'ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 397ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ
ਬਰਨਾਲਾ: 32 ਜਥੇਬੰਦੀਆਂ 'ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 397ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਗਦਰੀ ਬਾਬਿਆਂ ਦੇ 30ਵੇਂ ਮੇਲੇ ਮੌਕੇ ਯਾਦ ਕੀਤੇ ਜਾ ਰਹੇ ਬੱਬਰ ਅਕਾਲੀਆਂ ਦੀ ਸ਼ਹਾਦਤ ਨੂੰ ਕਿਸਾਨ ਮੋਰਚੇ ਦੀ ਸਟੇਜ ਤੋਂ ਬੁਲਾਰਿਆਂ ਨੇ ਯਾਦ ਕੀਤਾ।
ਬੁਲਾਰਿਆਂ ਨੇ ਦੱਸਿਆ ਕਿ ਪਗੜੀ ਸੰਭਾਲ ਜੱਟਾ ਲਹਿਰ ਤੋਂ ਬਾਅਦ ਗਦਰ ਲਹਿਰ ਰਾਹੀਂ ਬੱਬਰ ਅਕਾਲੀਆਂ ਦੇ ਰੂਪ ਵਿੱਚ ਕਈ ਸਾਲ ਸਰਗਰਮ ਰਹੀ। ਬੱਬਰ ਅਕਾਲੀ ਲਹਿਰ ਨੇ ਲੰਬਾ ਸਮਾਂ ਅੰਗਰੇਜ ਹਕੂਮਤ ਨੂੰ ਵਕਤ ਪਾਈ ਰੱਖਿਆ। ਅੱਗੇ ਚੱਲ ਕੇ ਇਹ ਲਹਿਰ ਸ਼ਹੀਦ ਭਗਤ ਸਿੰਘ ਹੋਰਾਂ ਦੀ ਲਹਿਰ ਨੇ ਇਨਕਲਾਬ-ਜਿੰਦਾਬਾਦ, ਸਾਮਰਾਜਵਾਦ- ਮੁਰਦਾਬਾਦ ਦੀ ਲਹਿਰ ਵਿੱਚ ਵਟ ਕੇ ਨਵੇਂ ਦਿਸਹੱਦੇ ਸਿਰਜੇ। ਅਜੋਕੇ ਸਮੇਂ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੂੰ ਉਸੇ ਕੜੀ ਵਜੋਂ ਵੇਖਿਆ ਦਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਖੇਤੀ ਸੰਕਟ ਦੀਆਂ ਜੜ੍ਹਾਂ ਇਸ ਲੁੱਟ ਜਬਰ ਦਾਬੇ ਵਾਲੇ ਪ੍ਰਬੰਧ ਅੰਦਰ ਸਮੋਈਆਂ ਹੋਈਆਂ ਹਨ। ਬਹੁਤਾ ਦੂਰ ਨਾ ਵੀ ਜਾਈਏ ਤਾਂ ਦੁਨੀਆਂ ਅੰਦਰ 2010 'ਚ 388 ਅਰਬ ਪਤੀਆਂ, ਜਿਨ੍ਹਾਂ 'ਚੋਂ ਬਹੁਗਿਣਤੀ ਅਮਰੀਕਾ ਦੇ ਸਨ, ਕੋਲ ਦੁਨੀਆਂ ਦੀ 50% ਵਸੋਂ ਜਿੰਨੀ ਦੌਲਤ ਸੀ। 2012 'ਚ ਇਨ੍ਹਾਂ ਦੀ ਗਿਣਤੀ ਘਟ ਕੇ 80 ਰਹਿ ਗਈ, 2016'ਚ 8 ਤੇ 2019'ਚ 5 ਰਹਿ ਗਈ। ਸੌਖਿਆਂ ਸਮਝਣਾ ਹੋਵੇ ਤਾਂ 5 ਅਰਬ/ਖਰਬਪਤੀਆਂ ਕੋਲ ਦੁਨੀਆਂ ਵਿੱਚ ਰਹਿੰਦੇ 400 ਕਰੋੜ ਲੋਕਾਂ ਜਿੰਨੀ ਦੌਲਤ ਇਕੱਠੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਉਹੀ ਨੀਤੀ ਹੈ ਜਿਸ ਨੂੰ ਭਾਰਤੀ ਹਾਕਮ ਬੇਸ਼ਰਮੀ ਨਾਲ ਲਾਗੂ ਕਰਕੇ ਪਹਿਲਾਂ 44 ਕਿਰਤੀ ਕਾਨੂੰਨਾਂ ਦਾ ਕੀਰਤਨ ਸੋਹਲਾ ਪੜਕੇ 4 ਕਿਰਤ ਕੋਡਾਂ ਵਿੱਚ ਬਦਲ ਕੇ ਕਿਰਤੀਆਂ ਦੀ ਤਿੱਖੀ ਰੱਤ ਨਿਚੋੜਨ ਲਈ ਰਾਹ ਪੱਧਰਾ ਕੀਤਾ। ਹੁਣ ਸਮੁੱਚੇ ਪੇਂਡੂ ਖੇਤੀ ਸੱਭਿਆਚਾਰ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਤਹੂ ਹਨ। ਮੋਦੀ ਹਕੂਮਤ ਦੇ ਇਹ ਲੋਕ ਵਿਰੋਧੀ ਫੈਸਲੇ ਨਵੇਂ ਭਿਆਨਕ ਸੰਕਟ ਨੂੰ ਜਨਮ ਦੇ ਰਹੇ ਹਨ। ਜਥੇਬੰਦਕ ਟਾਕਰੇ ਦੀ ਲਹਿਰ ਬਾਖੂਬੀ ਟੱਕਰ ਦੇ ਰਹੀ ਹੈ।
ਅੱਜ ਬੁਲਾਰਿਆਂ ਨੇ ਪੰਜਾਬੀ ਬੋਲੀ ਬਾਰੇ ਵੀ ਬਾਖੂਬੀ ਚਰਚਾ ਕੀਤੀ ਕਿ ਮਨੁੱਖੀ ਵਿਕਾਸ ਦਾ ਉਸ ਦੀ ਮਾਂ ਬੋਲੀ ਵਿੱਚ ਹੀ ਹੋ ਸਕਦਾ ਹੈ ਪਰ ਸਾਮਰਾਜੀਏ ਸਿਰਫ਼ ਲੁੱਟ ਹੀ ਨਹੀਂ ਕਰਦੇ ਸਗੋਂ ਮੰਡੀ ਉੱਪਰ ਕਬਜਾ ਕਰਨ ਲਈ ਸੱਭਿਆਚਾਰ ਉੱਤੇ ਵੀ ਕਬਜ਼ਾ ਕਰਦੇ ਹਨ। ਇਸੇ ਕਰਕੇ ਅੰਗਰੇਜ਼ੀ ਨੂੰ ਜਬਰੀ ਥੋਪਿਆ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਜਿੰਨੀਆਂ ਮਰਜੀ ਸਾਜਿਸ਼ਾਂ ਰਚ ਲਵੇ, ਜਿੰਨਾ ਮਰਜੀ ਸਾਡਾ ਸਿਰੜ, ਸਿਦਕ ਤੇ ਸਬਰ ਪਰਖ ਲਵੇ। ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਮੋਰਚਿਆਂ 'ਤੇ ਡਟੇ ਰਹਾਂਗੇ।