ਵੱਡੀ ਖ਼ਬਰ ! ਮੋਹਾਲੀ ਅਦਾਲਤ ਨੇ ਬਿਕਰਮ ਮਜੀਠੀਆ ਦਾ ਵਧਾਇਆ ਪੁਲਿਸ ਰਿਮਾਂਡ, ਵਿਜੀਲੈਂਸ ਦੇ ਸਬੂਤਾਂ ਤੋਂ ਬਾਅਦ ਸੁਣਾਇਆ ਫੈਸਲਾ
ਮੋਹਾਲੀ ਦੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਵਧਾ ਦਿੱਤਾ ਹੈ। ਅਦਾਲਤ ਨੇ ਮਜੀਠੀਆ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ।

ਮੋਹਾਲੀ ਦੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਵਧਾ ਦਿੱਤਾ ਹੈ। ਅਦਾਲਤ ਨੇ ਮਜੀਠੀਆ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਸੁਣਵਾਈ ਅੱਜ ਸਵੇਰੇ 10:45 ਵਜੇ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਸ਼ੁਰੂ ਹੋਈ ਸੀ।
ਸੂਤਰਾਂ ਅਨੁਸਾਰ ਜਾਂਚ ਕਰ ਰਹੀ ਵਿਜੀਲੈਂਸ ਬਿਊਰੋ ਨੇ ਅਦਾਲਤ ਨੂੰ ਦੱਸਿਆ ਹੈ ਕਿ ਮਜੀਠੀਆ ਰਿਮਾਂਡ ਦੌਰਾਨ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ। ਵਿਜੀਲੈਂਸ ਦਾ ਇਹ ਵੀ ਕਹਿਣਾ ਹੈ ਕਿ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਲਈ ਮਜੀਠੀਆ ਨੂੰ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੇ ਥਾਵਾਂ 'ਤੇ ਲਿਜਾਣਾ ਜ਼ਰੂਰੀ ਹੈ। ਇਨ੍ਹਾਂ ਆਧਾਰਾਂ 'ਤੇ ਵਿਜੀਲੈਂਸ ਬਿਊਰੋ ਅਦਾਲਤ ਤੋਂ ਬਿਕਰਮ ਸਿੰਘ ਮਜੀਠੀਆ ਦੇ ਰਿਮਾਂਡ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਹੈ
ਜ਼ਿਕਰ ਕਰ ਦਈਏ ਕਿ ਲਗਭਗ 4 ਘੰਟੇ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਚਾਰ ਦਿਨ ਦਾ ਰਿਮਾਂਡ ਦਿੱਤਾ ਤੇ ਅਗਲੀ ਸੁਣਵਾਈ 6 ਜੁਲਾਈ ਲਈ ਤੈਅ ਕੀਤੀ। ਇਸ ਸਮੇਂ ਦੌਰਾਨ, ਅਦਾਲਤ ਦੇ ਅਹਾਤੇ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ ਸੀ। ਮੀਡੀਆ ਨੂੰ ਦੂਰ ਰੱਖਣ ਲਈ ਵਾਹਨਾਂ ਨੂੰ ਬੈਰੀਕੇਡ ਕੀਤਾ ਗਿਆ ਸੀ, ਜਦੋਂ ਕਿ ਅਦਾਲਤ ਦੇ ਆਲੇ-ਦੁਆਲੇ ਤਰਪਾਲ ਲਗਾ ਕੇ ਹਰ ਦਿਸ਼ਾ ਤੋਂ ਦਿੱਖ ਨੂੰ ਰੋਕ ਦਿੱਤਾ ਗਿਆ ਸੀ।
ਸੁਣਵਾਈ ਤੋਂ ਬਾਅਦ ਸਰਕਾਰੀ ਨੇ ਕਿਹਾ ਕਿ ਪਿਛਲੀ ਵਾਰ 7 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ, ਜੋ ਖਤਮ ਹੋ ਗਿਆ ਹੈ। ਮਜੀਠੀਆ ਨੂੰ ਅੱਜ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ 4 ਦਿਨ ਦਾ ਹੋਰ ਰਿਮਾਂਡ ਦਿੱਤਾ ਹੈ। ਪਿਛਲੇ 7 ਦਿਨਾਂ ਦੇ ਰਿਮਾਂਡ ਵਿੱਚ ਕਈ ਅਜਿਹੇ ਤੱਥ ਸਾਹਮਣੇ ਆਏ, ਜੋ ਅਦਾਲਤ ਵਿੱਚ ਦੱਸੇ ਗਏ ਸਨ।
ਸ਼ਿਮਲਾ ਵਿੱਚ ਬੇਨਾਮੀ ਜਾਇਦਾਦ ਦਾ ਤੱਥ ਹੈਰਾਨ ਕਰਨ ਵਾਲਾ ਸੀ, ਜਿਸ ਕਾਰਨ ਮਜੀਠੀਆ ਨੂੰ ਉੱਥੇ ਵੀ ਲਿਜਾਇਆ ਗਿਆ ਸੀ। ਮਜੀਠੀਆ ਨੇ ਉੱਥੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ। ਸ਼ਿਮਲਾ ਵਿੱਚ 400 ਹੈਕਟੇਅਰ ਜਾਇਦਾਦ ਦੇ ਦਸਤਾਵੇਜ਼ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ। ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ, ਜਿਸ ਦੇ ਆਧਾਰ 'ਤੇ ਮਾਮਲੇ ਵਿੱਚ 4 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਅਦਾਲਤ ਵਿੱਚ ਪੇਸ਼ੀ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਸੀ। ਅਕਾਲੀ ਦਲ ਦੇ ਮੁਖੀ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ, ਮਜੀਠੀਆ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਆਪਣੇ ਸਮਰਥਕਾਂ ਨਾਲ ਮੋਹਾਲੀ ਪਹੁੰਚੇ ਸੀ। ਉਨ੍ਹਾਂ ਨੂੰ ਅਦਾਲਤ ਵੱਲ ਆਉਂਦੇ ਦੇਖ ਕੇ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੌਰਾਨ ਸੁਖਬੀਰ ਬਾਦਲ ਦੀ ਪੰਜਾਬ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋਈ। ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਵੱਲ ਨਹੀਂ ਜਾ ਸਕਦੇ। ਇਸ ਤੋਂ ਬਾਅਦ ਅਕਾਲੀ ਵਰਕਰ ਗੁੱਸੇ ਵਿੱਚ ਆ ਗਏ। ਇਸ ਦੌਰਾਨ ਬਾਦਲ ਨੇ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਪੂਰੇ ਸਿਸਟਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸਭ ਕੁਝ ਉਨ੍ਹਾਂ ਦੇ ਇਸ਼ਾਰੇ 'ਤੇ ਹੋ ਰਿਹਾ ਹੈ।






















