ਲੜਕੀਆਂ ਨੂੰ ਫ਼ਿਲਮਾਂ 'ਚ ਕੰਮ ਦਾ ਝਾਂਸਾ ਦੇ ਕੇ ਬਲੈਕਮੇਲ ਕਰਨ ਵਾਲਾ ਪੁਲਿਸ ਦੇ ਅੜਿੱਕੇ
ਇਹ ਕਾਰਵਾਈ ਮੁਹਾਲੀ ਪੁਲਿਸ ਐਸਐਸਪੀ ਕੁਲਦੀਪ ਸਿੰਘ ਚਹਿਲ ਤੇ ਐਸਪੀ ਸਿਟੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਈ ਹੈ। ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁਹਾਲੀ: ਲੜਕੀਆਂ ਨੂੰ ਫਿਲਮ ਇੰਡਸਟਰੀ ਵਿੱਚ ਕੰਮ ਦਿਵਾਉਣ ਦਾ ਝਾਸਾਂ ਦੇ ਕੇ ਬਲੈਕਮੇਲ ਕਰਨ ਵਾਲੇ ਸ਼ਖ਼ਸ ਨੂੰ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਮੁਹਾਲੀ ਪੁਲਿਸ ਐਸਐਸਪੀ ਕੁਲਦੀਪ ਸਿੰਘ ਚਹਿਲ ਤੇ ਐਸਪੀ ਸਿਟੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਈ ਹੈ। ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਮੁਹਾਲੀ ਪੁਲਿਸ ਕੋਲ ਪੰਜਾਬੀ ਫਿਲਮ ਪ੍ਰੋਡਿਉਸਰ ਗੁਨਬੀਰ ਸਿੰਘ ਸਿੱਧੂ ਵ੍ਹਾਈਟਹਿੱਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਿੱਲੀ ਦਾ ਵਸਨੀਕ ਉਬੇਦ ਅਫਰੀਕੀ ਜੋ ਕਿ ਆਪਣੇ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਲੜਕੀਆਂ ਨੂੰ ਮੈਸੇਜ ਭੇਜਦਾ ਹੈ ਤੇ ਉਨ੍ਹਾਂ ਦੇ ਨਾਂ (ਗੁਨਬੀਰ ਸਿੰਘ ਸਿੱਧੂ ਵ੍ਹਾਈਟਹਿੱਲ) 'ਤੇ ਲੜਕੀਆਂ ਨੂੰ ਝਾਂਸਾ ਦਿੰਦਾ ਹੈ ਕਿ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਦਿੱਤਾ ਜਾਏਗਾ ਤੇ ਇਸ ਦੀ ਟ੍ਰੇਨਿੰਗ ਵੀ ਦਿੱਤੀ ਜਾਏਗੀ।
ਬਾਅਦ ਵਿੱਚ ਲੜਕੀਆਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਇਸ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਫੇਜ਼-1 ਪੁਲਿਸ ਮੁਹਾਲੀ ਨੇ ਕਾਰਵਾਈ ਕਰਦਿਆਂ ਉਕਤ ਉਬੇਦ ਅਫਰੀਕੀ ਵਾਸੀ ਵੈਸਟ ਸੰਤ ਨਗਰ ਦਿੱਲੀ ਵਿਰੁੱਧ ਮੁਕੱਦਮਾ ਨੰਬਰ 187 ਮਿਤੀ 6 ਸਤੰਬਰ, 2019 ਧਾਰਾ 419, 420 ਆਈਪੀਸੀ, 66ਸੀ, 66ਡੀ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।