ਰੱਬ ਦਾ ਵੀ ਡਰ ਨਹੀਂ... ਪਹਿਲਾਂ ਆਰਤੀ ਵੇਲੇ ਕੀਤੀ ਚੋਰੀ, ਫਿਰ ਅੱਧੀ ਰਾਤ ਨੂੰ 2 ਗੱਲੇ ਤੋੜ ਕੇ ਲੈ ਗਏ ਨਕਦੀ, ਹਾਲੇ ਤੱਕ ਨਹੀਂ ਪਹੁੰਚੀ ਪੁਲਿਸ
Punjab News: ਮੋਹਾਲੀ ਦੇ ਸੈਕਟਰ 125 ਦੇ ਸੰਨੀ ਇਨਕਲੇਵ ਫਤਿਹਉੱਲਾਪੁਰ ਵਿੱਚ ਚੋਰਾਂ ਨੇ ਮਾਂ ਸ਼ੀਤਲਾ ਸ਼ਿਵ ਸ਼ਕਤੀ ਰਾਮ ਮੰਦਰ ਨੂੰ ਨਿਸ਼ਾਨਾ ਬਣਾਇਆ ਹੈ।

Punjab News: ਮੋਹਾਲੀ ਦੇ ਸੈਕਟਰ 125 ਦੇ ਸੰਨੀ ਇਨਕਲੇਵ ਫਤਿਹਉੱਲਾਪੁਰ ਵਿੱਚ ਚੋਰਾਂ ਨੇ ਮਾਂ ਸ਼ੀਤਲਾ ਸ਼ਿਵ ਸ਼ਕਤੀ ਰਾਮ ਮੰਦਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਘਟਨਾ ਦੇਰ ਰਾਤ ਵਾਪਰੀ। ਇਸ ਦੌਰਾਨ ਚੋਰ ਇੱਕ ਦਾਨ ਪੇਟੀ ਚੋਰੀ ਕਰਕੇ ਲੈ ਗਏ, ਇੰਨਾ ਹੀ ਨਹੀਂ ਉਹ ਹੋਰ ਦੋ ਦਾਨ ਪੇਟੀਆਂ ਨੂੰ ਤੋੜ ਕੇ ਨਕਦੀ ਕੱਢਣ ਵਿੱਚ ਸਫਲ ਹੋ ਗਏ।
ਚੋਰ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਇਸ ਦੌਰਾਨ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਲਾਂਕਿ ਲੋਕ ਕਹਿ ਰਹੇ ਹਨ ਕਿ ਇਹ ਚੋਰੀ ਦੇਰ ਰਾਤ ਨੂੰ ਹੋਈ ਹੈ, ਪਰ ਪੁਲਿਸ ਦੁਪਹਿਰ 12 ਵਜੇ ਤੱਕ ਨਹੀਂ ਪਹੁੰਚੀ। ਉਨ੍ਹਾਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ, ਕਿਉਂਕਿ ਬਹੁਤ ਹੀ ਵੱਡੀ ਗੱਲ ਹੈ ਚੋਰਾਂ ਨੂੰ ਬਿਲਕੁਲ ਵੀ ਖੌਫ ਨਹੀਂ ਹੈ, ਲੋਕ ਆਰਤੀ ਕਰ ਰਹੇ ਸਨ ਅਤੇ ਚੋਰ ਦਾਨ ਪੇਟੀ ਚੁੱਕ ਕੇ ਲੈ ਗਿਆ।
ਇਸ ਮੌਕੇ ਮੰਦਰ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਚੋਰੀ ਦੋ ਪੜਾਵਾਂ ਵਿੱਚ ਕੀਤੀ ਸੀ। ਪਹਿਲਾਂ, ਸ਼ਾਮ ਨੂੰ ਜਦੋਂ ਮੰਦਰ ਵਿੱਚ ਆਰਤੀ ਚੱਲ ਰਹੀ ਸੀ, ਉਹ ਇੱਕ ਸਾਈਡ ਤੋਂ ਗੱਲਾ ਚੁੱਕ ਕੇ ਲੈ ਗਿਆ। ਜਦੋਂ ਕਿ ਦੂਜੀ ਘਟਨਾ ਰਾਤ 11:30 ਵਜੇ ਦੇ ਕਰੀਬ ਵਾਪਰੀ। ਦੋਸ਼ੀ ਆਪਣੇ ਨਾਲ ਲੋਹੇ ਦੀ ਰਾਡ ਲੈ ਕੇ ਆਇਆ ਸੀ ਅਤੇ ਉਸ ਦਾ ਚਿਹਰਾ ਢੱਕਿਆ ਹੋਇਆ ਸੀ।
ਇਸ ਤੋਂ ਬਾਅਦ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਰਾਤ ਨੂੰ 112 ਹੈਲਪਲਾਈਨ ਨੰਬਰ 'ਤੇ ਫ਼ੋਨ ਕੀਤਾ, ਪਰ ਕੋਈ ਢੰਗ ਦਾ ਜਵਾਬ ਨਹੀਂ ਮਿਲਿਆ। ਮੰਦਿਰ ਵਾਲਿਆਂ ਨੂੰ ਨਹੀਂ ਪਤਾ ਕਿ ਮੰਦਿਰ ਦੀ ਦਾਨ ਪੇਟੀ ਵਿੱਚ ਕਿੰਨੇ ਪੈਸੇ ਸਨ, ਕਿਉਂਕਿ ਇਸ ਨੂੰ ਮਹੀਨੇ ਦੇ ਅਖੀਰ ਵਿੱਚ ਖੋਲ੍ਹਿਆ ਜਾਂਦਾ ਹੈ।
ਜਿਵੇਂ ਕਿ ਮੰਦਰ ਵਿੱਚ ਲੱਗੇ ਕੈਮਰਿਆਂ ਵਿੱਚ ਦੇਖਿਆ ਜਾ ਸਕਦਾ ਹੈ, ਦੋਸ਼ੀ ਨੇ ਜੁੱਤੇ ਪਾਏ ਹੋਏ ਸਨ। ਇਸ ਦੌਰਾਨ, ਉਸਨੇ ਸ਼ਿਵਲਿੰਗ 'ਤੇ ਰੱਖੇ ਘੜੇ ਵਿੱਚੋਂ ਪਾਣੀ ਵੀ ਚੈੱਕ ਕੀਤਾ। ਇਸ ਦੇ ਨਾਲ ਹੀ ਲੋਕਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਉਸ ਬਾਰੇ ਕੋਈ ਸੁਰਾਗ ਮਿਲਦਾ ਹੈ ਤਾਂ ਉਹ ਜਾਣਕਾਰੀ ਦੇਣ ਤਾਂ ਜੋ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਗਸ਼ਤ ਵਧਾਈ ਜਾਣੀ ਚਾਹੀਦੀ ਹੈ, ਕਿਉਂਕਿ ਉੱਥੇ ਬਾਹਰਲੇ ਸੂਬਿਆਂ ਦੇ ਲੋਕ ਰਹਿ ਰਹੇ ਹਨ।






















