ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਉਪਰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖਣ ਮਗਰੋਂ ਸਾਂਸਦ ਰਵਨੀਤ ਸਿੰਘ ਬਿੱਟੂ ਦਾ ਪੰਨੂ ਨੂੰ ਚੈਲੇਂਜ
ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰਨਾਂ ਨੂੰ ਸਰੇਆਮ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਮਗਰੋਂ ਲੁਧਿਆਣਾ ਤੋਂ ਸਾਂਸਦ ਅਤੇ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਪੰਨੂ ਨੂੰ ਚੈਲੇਂਜ ਕੀਤਾ ਹੈ।
ਜਲੰਧਰ: ਜਲੰਧਰ 'ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਉਪਰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖਣ ਅਤੇ ਵਿਦੇਸ਼ੀ ਧਰਤੀ ਤੋਂ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰਨਾਂ ਨੂੰ ਸਰੇਆਮ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਮਗਰੋਂ ਲੁਧਿਆਣਾ ਤੋਂ ਸਾਂਸਦ ਅਤੇ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਪੰਨੂ ਨੂੰ ਚੈਲੇਂਜ ਕੀਤਾ ਹੈ।
ਬਿੱਟੂ ਦੋਰਾਹਾ ਵਿਖੇ ਲੱਗੇ ਆਪਣੇ ਦਾਦੇ ਦੇ ਬੁੱਤ ਉਪਰ ਆ ਕੇ ਫੁੱਲ ਚੜ੍ਹਾ ਕੇ ਗਏ ਅਤੇ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਪੰਨੂ ਸਾਮ੍ਹਣੇ ਆ ਕੇ ਗੱਲ ਕਰੇ।
ਦੋਰਾਹਾ ਵਿਖੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਉਪਰ ਫੁੱਲ ਚੜ੍ਹਾਉਣ ਪਹੁੰਚੇ ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਜਲੰਧਰ ਵਿਖੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਉਪਰ ਖਾਲਿਸਤਾਨ ਜਿੰਦਾਬਾਦ ਲਿਖਣਾ ਕਾਇਰਾਨਾ ਹਰਕਤ ਹੈ।
ਜੇਕਰ ਪੰਨੂ ਚ ਹਿੰਮਤ ਹੈ ਤਾਂ ਸਾਮ੍ਹਣੇ ਆ ਕੇ ਗੱਲ ਕਰੇ। ਇਸਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਮੰਗ ਕੀਤੀ ਕਿ ਅਜਿਹੇ ਵਿਅਕਤੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਬਿੱਟੂ ਨੇ ਕਿਹਾ ਕਿ 31 ਅਗਸਤ ਨੂੰ ਬੇਅੰਤ ਸਿੰਘ ਦੀ ਬਰਸੀ ਘਰ ਘਰ ਮਨਾਈ ਜਾਵੇਗੀ। ਜੇਕਰ ਕਿਸੇ 'ਚ ਹਿੰਮਤ ਹੈ ਤਾਂ ਰੋਕ ਲਵੇ।
ਕੁਝ ਸ਼ਰਾਰਤੀ ਅਨਸਰਾਂ ਨੇ ਜਲੰਧਰ (Jalandhar) ਦੇ ਬੀਐਮਸੀ ਚੌਕ (BMC Chowk) ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ (Beant Singh) ਦੇ ਬੁੱਤ ਤੇ ਪੰਜਾਬ ਸਰਕਾਰ ਵੱਲੋਂ 29 ਅਗਸਤ ਤੋਂ ਸ਼ੁਰੂ ਕੀਤੇ ਜਾ ਰਹੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪੋਸਟਰਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ। ਇਸ ਦੇ ਨਾਲ ਹੀ ਜਲੰਧਰ ਪੁਲਿਸ ਸਾਬਕਾ ਮੁੱਖ ਮੰਤਰੀ ਦੇ ਬੁੱਤ ਦੇ ਸ਼ੀਸ਼ੇ 'ਤੇ ਲਿਖੇ ਨਾਅਰੇ ਨੂੰ ਧੋਣ ਦੀ ਬਜਾਏ ਉਸ 'ਤੇ ਕਾਲਖ ਪੋਤ ਕੇ ਚਲੀ ਗਈ।
24 ਘੰਟੇ ਪੁਲੀਸ ਅਤੇ ਸੀਸੀਟੀਵੀ ਕੈਮਰੇ ਹੋਣ ਦੇ ਬਾਵਜੂਦ ਨਾਅਰੇ ਲਿਖਣ 'ਤੇ ਸਵਾਲ ਖੜ੍ਹੇ ਹੋ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ 29 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰੀ ਖੇਡਾਂ ਦਾ ਉਦਘਾਟਨ ਜਲੰਧਰ ਤੋਂ ਕਰਨਗੇ। ਬੇਅੰਤ ਸਿੰਘ ਕਾਂਗਰਸ ਦੇ ਆਗੂ ਅਤੇ ਪੰਜਾਬ ਦੇ 1992 ਤੋਂ 1995 ਤੱਕ ਮੁੱਖ ਮੰਤਰੀ ਸੀ। ਉਨ੍ਹਾਂ ਨੂੰ ਖਾਲਿਸਤਾਨੀ ਵੱਖਵਾਦੀਆਂ ਨੇ ਉਨ੍ਹਾਂ ਦੀ ਕਾਰ ਨੂੰ ਬੰਬ ਨਾਲ ਉਡਾਉਣ ਰਾਹੀਂ ਮਾਰ ਦਿੱਤਾ ਸੀ।