Punjab News: ਕਿਸਾਨਾਂ ਲਈ ਵੱਡਾ ਐਲਾਨ ! ਨਰਮਾ ਕਿਸਾਨਾਂ ਨੂੰ 15 ਅਪ੍ਰੈਲ ਤੋਂ ਨਹਿਰੀ ਪਾਣੀ ਮਿਲੇਗਾ: ਜੰਜੂਆ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਰਮਾ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਅਪਰੈਲ ਮਹੀਨੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਰੋਤ ਵਿਭਾਗ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਦੌਰਾਨ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਵੱਧ ਕਰਨ ਲਈ ਜਾਗਰੂਕਤਾ ਅਭਿਆਨ ਵੀ ਸ਼ੁਰੂ ਕੀਤੀ ਜਾ ਰਹੀ ਹੈ।
Punjab News: ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਨਰਮੇ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਰਮਾ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਅਪਰੈਲ ਮਹੀਨੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਰੋਤ ਵਿਭਾਗ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਦੌਰਾਨ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਵੱਧ ਕਰਨ ਲਈ ਜਾਗਰੂਕਤਾ ਅਭਿਆਨ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਅੱਜ ਇਥੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਜਲ ਸਰੋਤ, ਖੇਤੀਬਾੜੀ, ਸਕੂਲ ਸਿੱਖਿਆ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਉਪਰੰਤ ਦਿੱਤੀ।
ਜੰਜੂਆ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਜਲ ਸਰੋਤ ਤੇ ਖੇਤੀਬਾੜੀ ਵਿਭਾਗ ਵੱਲੋਂ ਮਿਲ ਕੇ 15 ਅਪਰੈਲ ਤੋਂ ਦੱਖਣੀ ਮਾਲਵਾ ਦੀ ਨਰਮਾ ਪੱਟੀ ਦੇ ਕਿਸਾਨਾਂ ਨੂੰ ਨਰਮੇ ਦੀ ਫਸਲ ਦੀ ਸਿੰਜਾਈ ਲਈ ਨਹਿਰੀ ਪਾਣੀ ਛੱਡਣ ਦੀ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਨੂੰ ਨਰਮੇ ਦੀ ਫਸਲ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਜੇਕਰ ਅਪਰੈਲ ਮਹੀਨੇ ਵਿੱਚ ਨਹਿਰੀ ਪਾਣੀ ਮਿਲ ਜਾਵੇ ਤਾਂ ਨਰਮੇ ਦੀ ਫਸਲ ਲਈ ਬਹੁਤ ਲਾਹੇਵੰਦ ਹੋਵੇਗਾ।
ਸੂਬਾ ਸਰਕਾਰ ਕਿਸਾਨਾਂ ਦੀ ਇਹ ਮੰਗ ਇਸ ਸਾਲ ਪੂਰੀ ਕਰਨ ਜਾ ਰਹੀ ਹੈ। ਇਸ ਸਬੰਧੀ ਖੇਤੀਬਾੜੀ ਤੇ ਜਲ ਸਰੋਤ ਵਿਭਾਗ ਵਧੇਰੇ ਤਾਲਮੇਲ ਲਈ ਨਿਰੰਤਰ ਮੀਟਿੰਗਾਂ ਕਰਨਗੇ।ਜੇਕਰ ਕਿਸੇ ਕਿਸਾਨ ਕੋਈ ਦਿੱਕਤ ਆਵੇ ਤਾਂ ਉਹ ਟੋਲ ਫਰੀ ਨੰਬਰ 1100 ਉੱਤੇ ਕਾਲ ਕਰ ਸਕਦਾ ਹਨ।
ਜੰਜੂਆ ਨੇ ਮੀਟਿੰਗ ਦੌਰਾਨ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਨਹਿਰੀ ਪਾਣੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੌਕਸੀ ਵਧਾਈ ਜਾਵੇ ਅਤੇ ਜਲ ਸਰੋਤ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੈਡਕੁਆਟਰ ਉਤੇ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਨੂੰ ਸਟੇਟ ਨੋਡਲ ਅਫਸਰ ਅਤੇ ਨਰਮਾ ਪੱਟੀ ਦੇ ਜ਼ਿਲ੍ਹਿਆਂ ਵਿੱਚ ਐਸ.ਪੀ. ਰੈਂਕ ਦੇ ਅਧਿਕਾਰੀ ਨੂੰ ਜ਼ਿਲਾ ਪੱਧਰ ਦਾ ਨੋਡਲ ਅਫਸਰ ਤਾਇਨਾਤ ਕੀਤਾ ਜਾਵੇਗਾ।
ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਲਈ ਜਾਗਰੂਕ ਅਭਿਆਨ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਸਵੇਰ ਦੀ ਪ੍ਰਾਥਨਾ ਸਭਾ ਵਿੱਚ ਵਿਸ਼ੇਸ਼ ਲੈਕਚਰ ਤੋਂ ਇਲਾਵਾ ਵਿਦਿਆਰਥੀਆਂ ਦੇ ਇਨ੍ਹਾਂ ਵਿਸ਼ਿਆਂ ਬਾਰੇ ਲੇਖ ਮੁਕਾਬਲੇ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਿਨੋਂ-ਦਿਨ ਘਟ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ, ਫਸਲੀ ਵਿਭਿੰਨਤਾ ਤਹਿਤ ਰਵਾਇਤੀ ਫਸਲਾਂ ਦੇ ਚੱਕਰ ਵਿੱਚੋਂ ਬਾਹਰ ਨਿਕਲਣ ਅਤੇ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਚਨਬੱਧ ਹੈ।