![ABP Premium](https://cdn.abplive.com/imagebank/Premium-ad-Icon.png)
ਕੈਪਟਨ ਵੱਲੋਂ ਦਰਵਾਜ਼ੇ ਬੰਦ ਕਰਨ ਮਗਰੋਂ ਨਵਜੋਤ ਸਿੱਧੂ ਦਾ ਐਕਸ਼ਨ, ਪਹਿਲੀ ਵਾਰੀ ਸਿੱਧਾ ਹਮਲਾ
ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਦੋ ਵੱਖੋ-ਵੱਖਰੇ ਬਿਆਨ ਵਿਖਾਏ ਗਏ ਹਨ।
![ਕੈਪਟਨ ਵੱਲੋਂ ਦਰਵਾਜ਼ੇ ਬੰਦ ਕਰਨ ਮਗਰੋਂ ਨਵਜੋਤ ਸਿੱਧੂ ਦਾ ਐਕਸ਼ਨ, ਪਹਿਲੀ ਵਾਰੀ ਸਿੱਧਾ ਹਮਲਾ Navjot Singh sidhu did direct attack on cm capt amarinder singh on sacrilege cases during parkash singh badal government ਕੈਪਟਨ ਵੱਲੋਂ ਦਰਵਾਜ਼ੇ ਬੰਦ ਕਰਨ ਮਗਰੋਂ ਨਵਜੋਤ ਸਿੱਧੂ ਦਾ ਐਕਸ਼ਨ, ਪਹਿਲੀ ਵਾਰੀ ਸਿੱਧਾ ਹਮਲਾ](https://feeds.abplive.com/onecms/images/uploaded-images/2021/04/23/385f9f3db77d7eeef77834278a102c4f_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਤਕਰਾਰ ਲਗਾਤਾਰ ਵਧਦੀ ਜਾ ਰਹੀ ਹੈ। ਜਿੱਥੇ ਮੁੱਖ ਮੰਤਰੀ ਨੇ ਪਹਿਲਾਂ ਸਿੱਧੂ ਨੂੰ ਖਰੀ-ਖੋਟੀ ਸੁਣਾਉਂਦਿਆਂ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਸਿੱਧੂ ਲਈ ਦਰਵਾਜ਼ੇ ਬੰਦ ਹਨ, ਉੱਧਰ ਹੁਣ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਕੈਪਟਨ ਨੂੰ 2016 ’ਚ ਕੀਤਾ ਵਾਅਦਾ ਚੇਤੇ ਕਰਵਾਇਆ ਹੈ।
ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਦੋ ਵੱਖੋ-ਵੱਖਰੇ ਬਿਆਨ ਵਿਖਾਏ ਗਏ ਹਨ। ਸਾਲ 2016 ’ਚ ਕੈਪਟਨ ਵੱਲੋਂ ਕੋਟਕਪੂਰਾ ਗੋਲੀਕਾਂਡ ’ਚ ਬਾਦਲਾਂ ਨੂੰ ਜੇਲ੍ਹ ਭੇਜਣ ਦੀ ਗੱਲ ਕਰਨ ਵਾਲੇ ਕੈਪਟਨ ਬਾਰੇ ਸਿੱਧੂ ਨੇ ਲਿਖਿਆ ਕਿ ਘਮੰਡ ਇੰਨਾ ਜ਼ਿਆਦਾ ਪਰ ਕੀਤਾ ਕੁਝ ਵੀ ਨਹੀਂ, ਉੱਚੀ-ਉੱਚੀ ਚੀਕਣ ਦਾ ਨਤੀਜਾ ਕੁਝ ਵੀ ਨਹੀਂ। ਸਿੱਧੂ ਪਹਿਲਾਂ ਹੀ ਆਖ ਚੁੱਕੇ ਹਨ ਕਿ ਕਾਂਗਰਸ ਤੇ ਅਕਾਲੀ ਦਲ ਵਿੱਚ ਖਿਚੜੀ ਪੱਕੀ ਹੋਈ ਹੈ ਤੇ ਕੈਪਟਨ ਹੁਣ ਅਕਾਲੀਆਂ ਨੂੰ ਬਚਾਉਣ ਦੀ ਪੂਰੀ ਤਿਆਰੀ ’ਚ ਹਨ।
ਸਾਲ 2016 ’ਚ ਸ਼ੇਅਰ ਕੀਤੀ ਗਈ ਵੀਡੀਓ ’ਚ ਕੈਪਟਨ ਬੋਲਦੇ ਵਿਖਾਈ ਦੇ ਰਹੇ ਹਨ ਕਿ ਬਹਿਬਲ ਕਲਾਂ ਦੀ ਜੋ ਰਿਪੋਰਟ ਆਵੇਗੀ, ਵਾਹਿਗੁਰੂ ਕਰੇ, ਜਦੋਂ ਸਾਡੀ ਸਰਕਾਰ ਆਵੇਗੀ, ਤਦ ਇਸ ਬਹਿਬਲ ਕਲਾਂ ਦੀ ਜਾਂਚ ਮੈਂ ਕਰਵਾਵਾਂਗਾ। ਬਾਦਲ ਦਾ ਇਸ ਵਿੱਚ ਹੱਥ ਨਿੱਕਲੇਗਾ ਕਿ ਉਸ ਨੇ ਬਰਗਾੜੀ ’ਚ ਗੋਲੀ ਚਲਵਾਈ ਸੀ, ਮੈਂ ਉੱਥੇ ਜਾ ਕੇ ਆ ਇਆ ਸਾਂ, ਜਿੱਥੇ ਦੋ ਵਿਅਕਤੀ ਤਾਂ ਮਾਰ ਦਿੱਤੇ ਗਏ ਤੇ ਦੋ ਜਣਿਆਂ ਦੀ ਰੀੜ੍ਹ ਦੀ ਹੱਡੀ ਵਿੱਚੋਂ ਦੀ ਗੋਲੀ ਨਿੱਕਲ ਗਈ। ਇਸ ਦਾ ਆਦੇਸ਼ ਕਿਸ ਨੇ ਦਿੱਤਾ, ਐਸਪੀ ਨੇ ਦਿੱਤਾ ਸੀ ਤੇ ਐਸਪੀ ਨੂੰ ਕਿਸ ਨੇ ਹੁਕਮ ਦਿੱਤਾ ਸੀ – ਮੁੱਖ ਮੰਤਰੀ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਨੇ। ਭਾਵ ਤਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਤੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਸਨ, ਜਿਨ੍ਹਾਂ ਕੋਲ ਗ੍ਰਹਿ ਮੰਤਰੀ ਦੀ ਵੀ ਜ਼ਿੰਮੇਵਾਰੀ ਸੀ।
ਇਸ ਮਗਰੋਂ 2021 ਦੀ ਵੀਡੀਓ ’ਚ ਕੈਪਟਨ ਅਮਰਿੰਦਰ ਸਿੰਘ ਬੋਲਦੇ ਵਿਖਾਈ ਦੇ ਰਹੇ ਹਨ ਕਿ ਇਹ ਤਾਂ ਬੋਲਣ ਦੀ ਗੱਲ ਹੈ ਕਿ ਇੱਕ ਦਮ ਗ੍ਰਿਫ਼ਤਾਰ ਕਰ ਲਵੋ, ਇਹ ਕਿਵੇਂ ਹੋ ਸਕਦਾ ਹੈ ਫੜ ਕੇ ਅੰਦਰ ਕਰ ਦੇਵੋ ਕਿ ਜਿਸ ਦਿਨ ਤੁਸੀਂ ਸਰਕਾਰ ਬਣਾਓਗੇ, ਉਸੇ ਦਿਨ ਹੀ ਅੰਦਰ ਕਰ ਦੇਵੋ, ਇਹ ਤਾਂ ਧੱਕੇਸ਼ਾਹੀ ਵਾਲੀ ਸੋਚ ਹੈ। ਐਸਆਈਟੀ ਦੇ ਵਿਰੁੱਧ ਮੈਂ ਫ਼ੋਨ ਕਰ ਸਕਦਾ ਹਾਂ ਪਰ ਉਸ ਤੋਂ ਬਾਅਦ ਮੈਂ ਇਜਾਜ਼ਤ ਨਹੀਂ ਦੇ ਸਕਦਾ। ਮੈਂ ਐੱਸਆਈਟੀ ਨੂੰ ਨਹੀਂ ਬੋਲ ਸਕਦਾ ਕਿ ਤੁਸੀਂ ਇਹ ਕਰੋ, ਇਸ ਨੂੰ ਕਰੋ, ਉਸ ਨੂੰ ਕਰੋ, ਇਹ ਮੇਰਾ ਕੰਮ ਨਹੀਂ ਹੈ, ਇਹ ਨਾ ਮੈਂ ਕਰ ਸਕਦਾ ਹਾਂ, ਨਾ ਸਾਡਾ ਏਜੀ ਕਰ ਸਕਦਾ ਹੈ ਅਤੇ ਨਾ ਹੀ ਸਾਡਾ ਡੀਜੀਪੀ ਕਰ ਸਕਦਾ ਹੈ। ਉਹ ਪੂਰੀ ਤਰ੍ਹਾਂ ਸੁਤੰਤਰ ਹੁੰਦੇ ਹਨ। ਜਾਂਚ ਵਿੱਚ ਜੋ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)