ਸਿੱਧੂ ਦੀ ਸੋਨੀਆ ਗਾਂਧੀ ਨਾਲ ਮੀਟਿੰਗ 'ਬੇਸਿੱਟਾ', ਅਜੇ ਨਹੀਂ ਮਿਲਿਆ ਕੋਈ ਅਹਿਮ ਅਹੁਦਾ
ਮੀਟਿੰਗ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਫਿਲਹਾਲ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਨਵਜੋਤ ਸਿੱਧੂ ਨੇ ਸੋਨੀਆਂ ਗਾਂਧੀ ਨਾਲ ਸ਼ੁੱਕਰਵਾਰ ਮੀਟਿੰਗ ਕੀਤੀ। ਇਹ ਮੀਟਿੰਗ ਅਜਿਹੇ ਵੇਲੇ ਹੋਈ ਹੈ ਜਦੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦੀਆਂ ਅਟਕਲਾਂ ਤੇਜ਼ ਹਨ।
ਮੀਟਿੰਗ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਫਿਲਹਾਲ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਦੱਸਿਆ ਕਿ ਆਖਰੀ ਫੈਸਲਾ ਸੋਨੀਆ ਗਾਂਧੀ ਹੀ ਲੈਣਗੇ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਅਹਿਮ ਭੂਮਿਕਾ ਦੇਣ ਦੀ ਗੱਲ 'ਤੇ ਰਾਜ਼ਗੀ ਪ੍ਰਗਟਾਈ ਸੀ। ਹਾਲਾਂਕਿ ਰਾਵਤ ਨੇ ਅਜਿਹੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਸੀ।
ਅਜਿਹੇ 'ਚ ਰਾਵਤ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਸ਼ਾਂਤੀਪੂਰਵਕ ਇਸ ਮੁੱਦੇ ਨੂੰ ਸੁਲਝਾਉਣਾ ਚਾਹੁੰਦੀ ਹੈ। ਤਾਂ ਜੋ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ ਜਿੱਤ ਦਿਵਾ ਸਕਣ। ਸਿੱਧੀ ਗੱਲ ਇਹ ਹੈ ਕਿ ਕਾਂਗਰਸ ਹਾਈਕਮਾਨ ਨਾ ਤਾਂ ਸਿੱਧੂ ਨੂੰ ਪਾਰਟੀ ਤੋਂ ਬਾਹਰ ਜਾਂਦਿਆਂ ਦੇਖਣਾ ਚਾਹੁੰਦੀ ਹੈ ਤੇ ਨਾ ਹੀ ਕੈਪਟਨ ਨੂੰ ਨਰਾਜ਼ ਕਰਨਾ ਚਾਹੁੰਦੀ ਹੈ।