ਸਿੱਧੂ ਤੇ ਕੈਪਟਨ ਦਾ ਰੇੜਕਾ ਬਰਕਰਾਰ, ਕੈਪਟਨ ਨਰਾਜ਼! ਸਿੱਧੂ ਬਾਗੋਬਾਗ
ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਚੰਡੀਗੜ੍ਹ ਸਿਸਵਾਂ ਫਾਰਮ ਜਾ ਰਹੇ ਹਨ।
ਰਮਨਦੀਪ ਕੌਰ
ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਚੱਲ ਰਹੇ ਕਾਟੋ ਕਲੇਸ਼ ਦਰਮਿਆਨ ਲੀਡਰਾਂ ਦੇ ਰਾਹ ਅੱਜ ਦਿੱਲੀ ਦੀ ਬਜਾਇ ਕੈਪਟਨ ਦੀ ਰਿਹਾਇਸ਼ ਵੱਲ ਹੋ ਗਏ ਹਨ। ਜਿੱਥੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਆਪਣੇ ਘਰ ਪਟਿਆਲਾ ਤੋਂ ਰਵਾਨਾ ਹੋਏ ਹਨ। ਉੱਥੇ ਹੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਚੰਡੀਗੜ੍ਹ ਸਿਸਵਾਂ ਫਾਰਮ ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਮੀਡੀਆ ਸਾਹਮਣੇ ਚੁੱਪ ਧਾਰੀ ਰੱਖੀ। ਇਸ ਲਈ ਅੱਜ ਕੁਝ ਵੱਡਾ ਹੋਣ ਦੀ ਆਸ ਹੈ।
ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀਆਂ ਅਟਕਲਾਂ ਦਰਮਿਆਨ ਕੱਲ੍ਹ ਸ਼ੁੱਕਰਵਾਰ ਸਿੱਧੂ ਨੇ ਸੋਨੀਆਂ ਗਾਂਧੀ ਨਾਲ ਮੀਟਿੰਗ ਕੀਤੀ ਸੀ। ਉੱਥੇ ਵੀ ਹਰੀਸ਼ ਰਾਵਤ ਮੌਜੂਦ ਰਹੇ ਸਨ। ਹਰੀਸ਼ ਰਾਵਤ ਨੇ ਮੀਟਿੰਗ ਮਗਰੋਂ ਕਿਹਾ ਸੀ ਕਿ ਸਿੱਧੂ 'ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ। ਪਾਰਟੀ ਹਾਈਕਮਾਨ ਦਾ ਫੈਸਲਾ ਹੀ ਆਖਰੀ ਫੈਸਲਾ ਹੋਵੇਗਾ। ਇਸ ਮਗਰੋਂ ਅੱਜ ਸਿੱਧੂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕਰ ਰਹੇ ਹਨ।
ਦਰਅਸਲ ਕੈਪਟਨ ਤੇ ਸਿੱਧੂ ਵਿਚਾਲੇ ਕਲੇਸ਼ ਖਤਮ ਨਹੀਂ ਹੋ ਰਿਹਾ। ਪਰ ਪਾਰਟੀ ਸ਼ਾਂਤੀਪੂਰਵਕ ਬਿਨਾਂ ਕੋਈ ਪਾਰਟੀ ਨੂੰ ਨੁਕਸਾਨ ਕਰਵਾਏ ਇਸ ਮਸਲੇ ਦਾ ਹੱਲ ਕੱਢਣਾ ਚਾਹੁੰਦੀ ਹੈ। ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ। ਅਜਿਹੇ 'ਚ ਨਵਜੋਤ ਸਿੱਧੂ ਵਰਗੇ ਲੀਡਰ ਨੂੰ ਵੀ ਪਾਰਟੀ ਹਾਈਕਮਾਨ ਗਵਾਉਣਾ ਨਹੀਂ ਚਾਹੁੰਦੀ ਤੇ ਕੈਪਟਨ ਅਮਰਿੰਦਰ ਨੂੰ ਵੀ ਨਰਾਜ਼ ਨਹੀਂ ਕਰਨਾ ਚਾਹੁੰਦੀ।
ਅਜਿਹੇ 'ਚ ਅੱਜ ਹਰੀਸ਼ ਰਾਵਤ ਕੈਪਟਨ ਨੂੰ ਮਨਾਉਣ ਲਈ ਪਹੁੰਚੇ ਹਨ ਤੇ ਦੂਜੇ ਪਾਸੇ ਸਿੱਧੂ ਕਈ ਕਈ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਮੌਜੂਦ ਹਨ।