ਨਿਹੰਗ ਅਮਨ ਸਿੰਘ ਖਿਲਾਫ ਹੋਏਗੀ ਸਖਤ ਕਾਰਵਾਈ, ਨਿਹੰਗ ਜਥੇਬੰਦੀਆਂ ਵੀ ਹੋਈਆਂ ਖਿਲਾਫ
ਨਿਹੰਗ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਕੁਝ ਲੋਕ ਨਿਹੰਗਾਂ ਦੇ ਬਾਣੇ ਪਾ ਕੇ ਸਾਨੂੰ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ।
ਚੰਡੀਗੜ੍ਹ: ਨਿਹੰਗ ਅਮਨ ਸਿੰਘ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ। ਸਿੰਘੂ ਬਾਰਡਰ 'ਤੇ ਤਰਨ ਤਾਰਨ ਦੇ ਨੌਜਵਾਨ ਦਾ ਕਤਲ ਹੋਣ ਤੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਨਿਹੰਗ ਅਮਨ ਸਿੰਘ ਵਿਵਾਦਾਂ ਵਿੱਚ ਘਿਰ ਗਿਆ ਹੈ। ਕਿਸਾਨ ਜਥੇਬੰਦੀਆਂ ਮਗਰੋਂ ਹੁਣ ਨਿਹੰਗ ਜਥੇਬੰਦੀਆਂ ਵੀ ਅਮਨ ਸਿੰਘ ਦੇ ਵਿਰੋਧ ਵਿੱਚ ਡਟ ਗਈਆਂ ਹਨ।
ਦੱਸ ਦਈਏ ਕਿ ਵੀਰਵਾਰ ਨੂੰ ਇਹ ਮਾਮਲਾ ਹੋਰ ਵਧ ਗਿਆ ਜਦੋਂ ਨਿਹੰਗ ਅਮਨ ਸਿੰਘ ਦੇ ਇੱਕ ਸਾਥੀ ਨਵੀਨ ਸੰਧੂ ਵੱਲੋਂ ਸਿੰਘੂ ਬਾਰਡਰ ’ਤੇ ਸਥਾਨਕ ਵਿਅਕਤੀ ਨਾਲ ਤਕਰਾਰ ਮਗਰੋਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਕਾਰਨ ਉਸ ਦੀ ਲੱਤ ’ਤੇ ਸੱਟ ਵੱਜੀ। ਸੋਨੀਪਤ ਦੇ ਕੁੰਡਲੀ ਥਾਣੇ ਦੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵੀਨ, ਬਾਬਾ ਅਮਨ ਸਿੰਘ ਕੋਲ ਲੰਗਰ ਤੇ ਘੋੜਿਆਂ ਦੀ ਸੇਵਾ ਕਰ ਰਿਹਾ ਸੀ।
ਇਸ ਘਟਨਾ ਮਗਰੋਂ ਸਿੰਘੂ ਬਾਰਡਰ ਉਪਰ ਬੈਠੀਆਂ ਅੱਧੀ ਦਰਜਨ ਤੋਂ ਵੱਧ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਦੀ ਸੁਰ ਤਿੱਖੀ ਹੋ ਗਈ ਹੈ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਾਬਾ ਮਾਨ ਸਿੰਘ ਦੇ ਹਜ਼ੂਰ ਸਾਹਿਬ ਤੋਂ ਪਰਤਣ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਅਗਲੇ ਇੱਕ-ਦੋ ਦਿਨਾਂ ਦੌਰਾਨ ਅਹਿਮ ਬੈਠਕ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਕਿ ਇਸ ਮੀਟਿੰਗ ਨਿਹੰਗ ਅਮਨ ਸਿੰਘ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ।
ਇਸ ਬਾਰੇ ਨਿਹੰਗ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਕੁਝ ਲੋਕ ਨਿਹੰਗਾਂ ਦੇ ਬਾਣੇ ਪਾ ਕੇ ਸਾਨੂੰ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਅਮਨ ਸਿੰਘ ਨੂੰ ਵੀ ਕਿਹਾ ਕਿ ਉਹ ਆਪਣਾ ਪੱਖ ਕਿਉਂ ਨਹੀਂ ਦੱਸ ਰਿਹਾ? ਉਨ੍ਹਾਂ ਕਿਹਾ ਕਿ ਅਮਨ ਸਿੰਘ ਨੇ ਬਾਬਾ ਮਾਨ ਸਿੰਘ ਨੂੰ ਵੀ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਬਾਰੇ ਨਹੀਂ ਦੱਸਿਆ ਸੀ। ਉਨ੍ਹਾਂ ਕਿਹਾ ਕਿ ਅਮਨ ਸਿੰਘ ਨੂੰ ਹੁਣੇ ਹੀ ਇੱਥੋਂ ਚਲਾ ਜਾਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਨਿਹੰਗ ਉਸ ਨਾਲ ਸਬੰਧ ਨਹੀਂ ਰੱਖਣਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਬੇਅਦਬੀ ਦੇ ਸਬੰਧ ਵਿੱਚ ਸਾਰੀ ਘਟਨਾ ਦੀ ਜਾਂਚ ਕੀਤੀ ਜਾਵੇ ਤੇ ਜੇਕਰ ਨਿਹੰਗਾਂ ਦੀ ਕੋਈ ਕਮੀ ਪਾਈ ਜਾਵੇ ਤਾਂ ਦੰਡ ਦਿੱਤਾ ਜਾਵੇ। ਉਨ੍ਹਾਂ ਕਿਹਾ ਜਿਸ ਜਥੇ ਦੇ ਲੋਕ ਗ਼ਲਤੀ ਕਰਨਗੇ ਉਹ ਘੋੜੇ ਲੈ ਕੇ ਅੰਦੋਲਨ ’ਚੋਂ ਚਲੇ ਜਾਣ। ਉਨ੍ਹਾਂ ਕਿਹਾ ਕਿ ਨਿਹੰਗਾਂ ਵੱਲੋਂ 27 ਅਕਤੂਬਰ ਨੂੰ ਬੈਠਕ ਕੀਤੀ ਜਾਵੇਗੀ।