Punjab Budget: ਵੋਟਾਂ ਤੋਂ 6 ਮਹੀਨੇ ਪਹਿਲਾਂ ਹੀ ਪੂਰੀ ਹੋਵੇਗੀ ਇਹ ਗਾਰੰਟੀ ? ਆਪ ਦੇ ਚੌਥੇ ਬਜਟ 'ਚ ਵੀ ਮਹਿਲਾਵਾਂ ਰਹੀਆਂ 'ਸੂਟਾਂ' ਤੋਂ ਸੱਖਣੀਆਂ
ਆਪ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬਜਟ ਵਿੱਚ ਅਸੀਂ ਨਸ਼ਾ ਤਸਕਰੀ ਨੂੰ ਖਤਮ ਕਰਨ ਅਤੇ ਨਸ਼ੇ 'ਤੇ ਪਾਬੰਦੀ ਲਗਾਉਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।
Punjab Budget: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬੁੱਧਵਾਰ ਨੂੰ ਬਜਟ ਪੇਸ਼ ਕੀਤਾ। 2.36 ਲੱਖ ਕਰੋੜ ਰੁਪਏ ਦੇ ਇਸ ਬਜਟ ਵਿੱਚ ਭਗਵੰਤ ਮਾਨ ਸਰਕਾਰ ਨੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਤੋਂ ਲੈ ਕੇ ਸ਼ਹਿਰੀ ਖੇਤਰਾਂ ਤੱਕ ਕਈ ਐਲਾਨ ਕੀਤੇ ਹਨ ਪਰ ਉਹ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੇ ਵਾਅਦੇ 'ਤੇ ਚੁੱਪ ਰਹੇ।
ਯਾਦ ਕਰਵਾ ਦਈਏ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਣ ਦੇ ਤਿੰਨ ਸਾਲ ਬਾਅਦ ਵੀ ਔਰਤਾਂ ਇਸ ਦਾ ਇੰਤਜ਼ਾਰ ਕਰ ਰਹੀਆਂ ਹਨ। 'ਆਪ' ਨੇ ਵਾਅਦਾ ਕੀਤਾ ਸੀ ਕਿ ਜੇ ਪੰਜਾਬ ਵਿੱਚ ਸਰਕਾਰ ਬਣੀ ਤਾਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ ਅਤੇ ਇਹ ਰਕਮ ਸਿੱਧੀ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਪਰ ਭਗਵੰਤ ਮਾਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਇਸ ਯੋਜਨਾ 'ਤੇ ਚੁੱਪੀ ਧਾਰੀ ਹੋਈ ਹੈ। ਇਸ ਵਾਰ ਕੁਝ ਐਲਾਨ ਹੋਣ ਦੀ ਉਮੀਦ ਸੀ, ਪਰ ਬਜਟ ਵਿੱਚ ਵੀ ਇਸ ਮੁੱਦੇ 'ਤੇ ਚੁੱਪੀ ਧਾਰੀ ਹੋਈ ਸੀ।
ਚੋਣਾਂ ਤੋਂ ਪਹਿਲਾਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਹਰ ਮਹੀਨੇ 1000 ਰੁਪਏ ਔਰਤਾਂ ਨੂੰ ਦੇਵਾਂਗੇ ਜਿਸ ਨਾਲ ਉਹ ਆਪਣੇ ਸੂਟ ਖ਼ਰੀਦ ਸਕਣਗੀਆਂ, ਉਨ੍ਹਾਂ ਨੂੰ ਕਿਸੇ ਤੋਂ ਮੰਗਣ ਦੀ ਜ਼ਰੂਰਤ ਨਹੀਂ ਹੋਵੇਗੀ।
ਬਜਟ ਚ ਨਹੀਂ ਲਾਇਆ ਗਿਆ ਕੋਈ ਨਵਾਂ ਟੈਕਸ
ਆਪ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬਜਟ ਵਿੱਚ ਅਸੀਂ ਨਸ਼ਾ ਤਸਕਰੀ ਨੂੰ ਖਤਮ ਕਰਨ ਅਤੇ ਨਸ਼ੇ 'ਤੇ ਪਾਬੰਦੀ ਲਗਾਉਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।
ਜ਼ਿਕਰ ਕਰ ਦਈਏ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਉਨ੍ਹਾਂ ਨੇ 'ਮੇਰਾ ਪੰਜਾਬ, ਬਦਲਦਾ ਪੰਜਾਬ' ਵਿਸ਼ੇ 'ਤੇ ₹2.36 ਲੱਖ ਕਰੋੜ ਦਾ ਬਜਟ ਪੇਸ਼ ਕੀਤਾ। ਇਹ ਪਿਛਲੀ ਵਾਰ ਨਾਲੋਂ ਲਗਭਗ 15% ਵੱਧ ਹੈ। ਬਜਟ ਵਿੱਚ ਔਰਤਾਂ ਨੂੰ 1,100 ਰੁਪਏ ਦੇਣ ਦਾ ਕੋਈ ਐਲਾਨ ਨਹੀਂ ਸੀ। ਚੋਣਾਂ ਤੋਂ ਪਹਿਲਾਂ, 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸਦੀ ਗਰੰਟੀ ਦਿੱਤੀ ਸੀ। ਬਜਟ ਵਿੱਚ ਸਰਕਾਰ ਦਾ ਧਿਆਨ ਨਸ਼ਿਆਂ 'ਤੇ ਰਿਹਾ। ਸਰਕਾਰ 150 ਕਰੋੜ ਰੁਪਏ ਨਾਲ ਡਰੱਗ ਜਨਗਣਨਾ ਕਰੇਗੀ, ਜਿਸਦਾ ਮਤਲਬ ਹੈ ਕਿ ਪੰਜਾਬ ਵਿੱਚ ਨਸ਼ੇ ਲੈਣ ਵਾਲੇ ਲੋਕਾਂ ਦੀ ਗਿਣਤੀ ਕੀਤੀ ਜਾਵੇਗੀ। ਸਿਹਤ ਬੀਮਾ ਕਵਰ ਯੋਜਨਾ ਦੇ ਤਹਿਤ, 65 ਹਜ਼ਾਰ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਸਰਕਾਰ ਉਦਯੋਗ ਲਈ ਇੱਕ ਨਵੀਂ ਨੀਤੀ ਲਿਆਏਗੀ। ਇਸ ਦੇ ਪ੍ਰਚਾਰ ਲਈ 250 ਕਰੋੜ ਰੁਪਏ ਰੱਖੇ ਗਏ ਹਨ। 300 ਯੂਨਿਟ ਮੁਫ਼ਤ ਬਿਜਲੀ ਯੋਜਨਾ ਜਾਰੀ ਰਹੇਗੀ। ਇਸ ਲਈ ਬਜਟ ਵਿੱਚ 7,614 ਕਰੋੜ ਰੁਪਏ ਰੱਖੇ ਗਏ ਹਨ।






















