ਸ਼ਰਾਬ ਨੇ ਘੁਮਾਏ ਸਰਕਾਰ ਦੇ ਚੱਕਰ, ਮੀਟਿੰਗਾਂ ਦੇ ਲੰਬੇ ਦੌਰ 'ਚ ਵੀ ਨਹੀਂ ਹੋਇਆ ਕੋਈ ਫੈਸਲਾ
ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਨੇ ਲੌਕਡਾਊਨ ਮਗਰੋਂ ਨਵੇਂ ਸਿਰੇ ਤੋਂ ਖੋਲ੍ਹਣ ਲਈ ਠੇਕਿਆਂ ਦੀ ਨਿਲਾਮੀ ਦੀ ਪਾਲਿਸੀ ਤਿਆਰ ਕੀਤੀ ਸੀ, ਜਿਸ 'ਚ ਤਿੰਨ ਵਿਕਲਪ ਪੇਸ਼ ਕੀਤੇ ਗਏ। ਸ਼ਨੀਵਾਰ ਦੀ ਮੀਟਿੰਗ 'ਚ 10 ਫ਼ੀਸਦ ਵਾਧੂ ਫੀਸ ਵਸੂਲ ਕੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਤਜਵੀਜ਼ ਹੈ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੇ ਆਬਕਾਰੀ ਨੀਤੀ 'ਤੇ ਅਫਸਰ ਤੇ ਸਿਆਸਤਦਾਨ ਆਹਮੋ-ਸਾਹਮਣੇ ਹੋ ਗਏ ਹਨ। ਹੋਰ ਤਾਂ ਹੋਰ ਮੰਤਰੀ ਵੀ ਇਸ ਦਾ ਵਿਰੋਧ ਕਰ ਰਹੇ ਹਨ। ਇਸ ਬਾਰੇ ਕੈਬਨਿਟ ਮੀਟਿੰਗ 'ਚ ਚਰਚਾ ਕੀਤੀ ਗਈ ਪਰ ਅਜੇ ਕੋਈ ਫੈਸਲ ਨਹੀਂ ਹੋ ਸਕਿਆ। ਮੰਤਰੀਆਂ ਦਾ ਕਹਿਣਾ ਹੈ ਕਿ ਇੱਕ ਤਾਂ ਆਬਾਕਾਰੀ ਨੀਤੀ ਨਾਲ ਸਰਕਾਰ ਨੂੰ ਲੋੜੀਂਦਾ ਮਾਲੀਆ ਨਹੀਂ ਮਿਲ ਰਿਹਾ। ਦੂਜਾ ਸ਼ਰਾਬ ਦੇ ਠੇਕੇਦਾਰ ਤੇ ਫੈਕਟਰੀਆਂ ਵਾਲੇ ਵੀ ਮਨਮਾਨੀਆਂ ਕਰ ਰਹੇ ਹਨ।
ਸੂਤਰਾਂ ਮੁਤਾਬਕ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਨੇ ਲੌਕਡਾਊਨ ਮਗਰੋਂ ਨਵੇਂ ਸਿਰੇ ਤੋਂ ਖੋਲ੍ਹਣ ਲਈ ਠੇਕਿਆਂ ਦੀ ਨਿਲਾਮੀ ਦੀ ਪਾਲਿਸੀ ਤਿਆਰ ਕੀਤੀ ਸੀ, ਜਿਸ 'ਚ ਤਿੰਨ ਵਿਕਲਪ ਪੇਸ਼ ਕੀਤੇ ਗਏ। ਸ਼ਨੀਵਾਰ ਦੀ ਮੀਟਿੰਗ 'ਚ 10 ਫ਼ੀਸਦ ਵਾਧੂ ਫੀਸ ਵਸੂਲ ਕੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਤਜਵੀਜ਼ ਹੈ।
ਚਾਲੂ ਵਿੱਤੀ ਵਰ੍ਹੇ ਦੌਰਾਨ 42 ਦਿਨ ਠੇਕੇ ਬੰਦ ਰਹਿਣ ਕਾਰਨ ਲਾਇਸੈਂਸ ਐਲ-2 ਤੇ ਐਲ-14 ਦੇ ਰੀਨੀਊ ਕੀਤੇ ਗਏ ਲਾਇਸੈਂਸ ਦੀ ਮਿਆਦ ਦੇ ਸ਼ੁਰੂ 'ਚ ਅੰਸ਼ਿਕ ਤੌਰ 'ਤੇ ਤੇ ਬਾਅਦ 'ਚ ਪੂਰਨ ਤੌਰ 'ਤੇ ਠੇਕੇ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਜਿਨ੍ਹਾਂ ਠੇਕਿਆਂ ਦੇ ਲਾਇਸੈਂਸ ਰੀਨਿਊ ਕੀਤੇ ਗਏ ਹਨ, ਉਨ੍ਹਾਂ 'ਚ ਦਸ ਫੀਸਦ ਵਾਧੂ ਫੀਸ ਲੈ ਕੇ ਇਨ੍ਹਾਂ ਨੂੰ ਖੋਲ੍ਹਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਮੰਤਰੀ ਤੇ ਅਧਿਕਾਰੀਆਂ ਦੀ ਬੈਠਕ 'ਚ ਉੱਕਾ ਪੁੱਕਾ ਫੀਸ ਵਸੂਲਣ ਦਾ ਵਿਕਲਪ ਵੀ ਵਿਚਾਰਿਆ ਗਿਆ। ਇਸ ਮੁਤਾਬਕ ਲੌਕਡਾਊਨ ਕਾਰਨ ਜੇਕਰ ਠੇਕੇ ਬੰਦ ਰਹਿੰਦੇ ਹਨ ਤਾਂ ਹੋਮ ਡਿਲੀਵਰੀ ਕਰਨ 'ਤੇ ਦੇਸੀ ਸ਼ਰਾਬ ਤੇ 55 ਰੁਪਏ ਪ੍ਰਤੀ ਪਰੂਫ਼ ਲੀਟਰ, ਅੰਗਰੇਜ਼ੀ ਸ਼ਰਾਬ ਤੇ 80 ਰੁਪਏ ਤੇ ਬੀਅਰ ਤੇ 20 ਰੁਪਏ ਪ੍ਰਤੀ ਬਲਕ ਲੀਟਰ ਬਤੌਰ ਅਸੈਸਡ ਫੀਸ ਲੈਣ ਦੀ ਤਜਵੀਜ਼ ਹੈ।
ਤੀਜੇ ਵਿਕਲਪ 'ਚ ਲਾਇਸੈਂਸ ਦੀ ਮਿਆਦ 13 ਮਹੀਨੇ ਦੀ ਕੀਤੇ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਕਿਉਂਕਿ 23 ਮਾਰਚ, 2020 ਤੋਂ ਲੈ ਕੇ ਤਿੰਨ ਮਈ 2020 ਤਕ ਠੇਕੇ ਬੰਦ ਰਹਿਣ ਕਾਰਨ ਠੇਕੇਦਾਰਾਂ ਨੂੰ ਨੁਕਸਾਨ ਹੋਇਆ ਹੈ। ਜੇਕਰ ਆਉਣ ਵਾਲੇ ਸਮੇਂ ਚ ਵੀ ਲੌਕਡਾਊਨ ਰਹਿੰਦਾ ਹੈ ਤਾਂ ਆਰਥਿਕ ਮੰਦੀ ਕਾਰਨ ਇਸ ਕਾਰੋਬਾਰ ਨੂੰ ਭਾਰੀ ਸੱਟ ਵੱਜੇਗੀ।
ਘਰੇਲੂ ਖਪਤ ਤੋਂ ਇਲਾਵਾ ਵਿਆਹ-ਸ਼ਾਦੀ ਪ੍ਰੋਗਰਾਮ, ਹੋਟਲ ਤੇ ਅਹਾਤਿਆਂ ਆਦਿ ਖੋਲ੍ਹਣ ਦੀ ਆਗਿਆ ਨਾ ਹੋਣ ਕਾਰਨ ਸ਼ਰਾਬ ਦੀ ਵਿਕਰੀ ਪ੍ਰਭਾਵਿਤ ਹੋਵੇਗੀ। ਇਸ ਲਈ ਲਾਇਸੈਂਸ ਐਲ-2 ਤੇ ਐਲ-14 ਨੂੰ ਇੱਕ ਸਾਲ ਦੀ ਬਜਾਏ 13 ਮਹੀਨਿਆਂ ਲਈ ਵਧਾਏ ਜਾਣ ਦਾ ਵਿਚਾਰ ਹੈ।
ਇਹ ਵੀ ਪੜ੍ਹੋ: ਕੈਪਟਨ ਦੇ ਮੰਤਰੀਆਂ ਤੇ ਅਫਸਰਾਂ ਵਿਚਾਲੇ ਖੜਕੀ, ਮਨਪ੍ਰੀਤ ਬਾਦਲ ਦੀ ਵੀ ਨਹੀਂ ਕੋਈ ਪੁੱਛਗਿੱਛ?
ਬੈਠਕ ਵਿੱਚ ਸ਼ਰਾਬ ਵਿਕਰੀ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਵੀ 4,894 ਕਰੋੜ ਰੁਪਏ ਤੋਂ ਘਟਾ ਕੇ 3,884 ਕਰੋੜ ਰੁਪਏ ਰਹਿਣ ਬਾਰੇ ਵੀ ਵਿਚਾਰ ਕੀਤਾ ਗਿਆ। ਪਾਲਿਸੀ ਵਿੱਚ ਤੀਜਾ ਰਸਤਾ ਅਪਨਾਉਣ 'ਤੇ ਜ਼ੋਰ ਪਾਇਆ ਗਿਆ ਹੈ। ਹਾਲਾਂਕਿ, ਅਜਿਹਾ ਕਰਨ ਲਈ ਕੁਝ ਤਬਦੀਲੀਆਂ ਕਰਨੀਆਂ ਪੈਣਗੀਆਂ ਪਰ 13 ਮਹੀਨਿਆਂ ਦੇ ਸਮੇਂ ਦੌਰਾਨ ਪਹਿਲਾਂ ਤੋਂ ਤੈਅ ਗਰੁੱਪ ਕੋਟਾ ਖਪਾਇਆ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ