ਹੁਣ ਪੁਲਿਸ ਦੀਆਂ ਗੱਡੀਆਂ ਦੇ ਵੀ ਹੋਣਗੇ ਚਲਾਨ, ਟ੍ਰੈਫਿਕ ਨਿਯਮ ਸਭ ਲਈ ਬਰਾਬਰ
ਏਡੀਜੀਪੀ ਨੇ ਪੱਤਰ ਵਿੱਚ ਆਖਿਆ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਟ੍ਰੈਫਿਕ ਸਟਾਫ ਵਾਹਨਾਂ ਦੀ ਚੈਕਿੰਗ ਦੌਰਾਨ ਆਮ ਵਿਅਕਤੀ ਦਾ ਵਾਹਨ ਦੇ ਕਾਗਜ਼ ਪੂਰੇ ਨਾ ਹੋਣ ’ਤੇ ਚਲਾਨ ਕਰਦੇ ਹਨ।
ਚੰਡੀਗੜ੍ਹ: ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਰਕਾਰੀ ਗੱਡੀਆਂ ਦੇ ਵੀ ਚਲਾਨ ਹੋਣਗੇ। ਇਸ ਬਾਰੇ ਵਧੀਕ ਡਾਇਰੈਕਟਰ ਜਨਰਲ ਪੁਲਿਸ (ਏਡੀਜੀਪੀ) ਟ੍ਰੈਫ਼ਿਕ ਅਮਰਦੀਪ ਸਿੰਘ ਰਾਏ ਨੇ ਸਖਤ ਹੁਕਮ ਜਾਰੀ ਕੀਤੇ ਹਨ। ਇਸ ਮਗਰੋਂ ਨਿਯਮਾਂ ਦੀਆਂ ਉਲੰਘਣਾ ਕਰ ਰਹੀਆਂ ਪੁਲਿਸ ਦੀਆਂ ਸਰਕਾਰੀ ਗੱਡੀਆਂ ’ਤੇ ਵੀ ਸ਼ਿਕੰਜਾ ਕੱਸ ਦਿੱਤਾ ਗਿਆ ਹੈ।
ਦੱਸ ਦਈਏ ਕਿ ਵਧੀਕ ਡਾਇਰੈਕਟਰ ਜਨਰਲ ਪੁਲਿਸ (ਏਡੀਜੀਪੀ) ਟ੍ਰੈਫ਼ਿਕ ਅਮਰਦੀਪ ਸਿੰਘ ਰਾਏ ਨੇ ਖੇਤਰੀ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਰਕਾਰੀ ਗੱਡੀਆਂ ਦੇ ਕਾਗਜ਼ ਪੂਰੇ ਨਾ ਹੋਣ ਉੱਤੇ ਐਮਟੀਓ ਤੇ ਸਰਕਾਰੀ ਡਰਾਈਵਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮਗਰੋਂ ਟ੍ਰੈਫਿਕ ਪੁਲਿਸ ਹਰਕਤ ਵਿੱਚ ਆ ਗਈ ਹੈ।
ਏਡੀਜੀਪੀ ਨੇ ਪੱਤਰ ਵਿੱਚ ਆਖਿਆ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਟ੍ਰੈਫਿਕ ਸਟਾਫ ਵਾਹਨਾਂ ਦੀ ਚੈਕਿੰਗ ਦੌਰਾਨ ਆਮ ਵਿਅਕਤੀ ਦਾ ਵਾਹਨ ਦੇ ਕਾਗਜ਼ ਪੂਰੇ ਨਾ ਹੋਣ ’ਤੇ ਚਲਾਨ ਕਰਦੇ ਹਨ। ਇਸ ਦੌਰਾਨ ਜਦੋਂ ਕਿਸੇ ਵਿਅਕਤੀ ਵੱਲੋਂ ਸਬੰਧਤ ਪੁਲਿਸ ਮੁਲਾਜ਼ਮਾਂ ਨੂੰ ਸਰਕਾਰੀ ਗੱਡੀ ਦੇ ਪੇਪਰ ਚੈੱਕ ਕਰਵਾਉਣ ਲਈ ਕਿਹਾ ਜਾਂਦਾ ਹੈ ਤਾਂ ਗੱਡੀ ਵਿੱਚ ਪੇਪਰ ਨਾ ਹੋਣ ’ਤੇ ਉਸ ਵੱਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆਂ ’ਤੇ ਵਾਇਰਲ ਕਰ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਹੈ ਕਿ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਨਾਕਿਆਂ ਆਦਿ ਜਾਂ ਡਿਊਟੀ ਦੌਰਾਨ ਆਪਣੀ ਪ੍ਰਾਈਵੇਟ ਗੱਡੀ ਖੜ੍ਹੀ ਕਰਕੇ ਚੈਕਿੰਗ ਕਰਦੇ ਹਨ, ਤਾਂ ਉਨ੍ਹਾਂ ਦੇ ਪੇਪਰ ਵੀ ਮੁਕੰਮਲ ਨਹੀਂ ਹੁੰਦੇ। ਇਸ ਨਾਲ ਪੁਲਿਸ ਦੀ ਸਾਖ ਉੱਪਰ ਸਵਾਲ ਉੱਠਦੇ ਹਨ ਤੇ ਲੋਕਾਂ ਅੰਦਰ ਰੋਸ ਵੀ ਵਧਦਾ ਹੈ।
ਏਡੀਜੀਪੀ ਨੇ ਇਸ ਪੱਤਰ ਰਾਹੀਂ ਖੇਤਰੀ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਤਾਇਨਾਤ ਐਮਟੀਓ ਨੂੰ ਹਦਾਇਤ ਕਰਨ ਕਿ ਉਹ ਹਰ ਸਰਕਾਰੀ ਗੱਡੀ ਚੌਕੀ, ਥਾਣਾ, ਯੂਨਿਟਾਂ, ਸਬ-ਡਿਵੀਜ਼ਨਲ ਅਫਸਰ, ਐਸਪੀ ਰੈਂਕ, ਐਮਟੀ, ਬਰਾਂਚ ’ਚ ਖੜ੍ਹੀਆਂ ਗੱਡੀਆਂ ਤੇ ਜ਼ਿਲ੍ਹਾ ਮੁਖੀ ਦੀ ਗੱਡੀ ਵਿੱਚ ਫਸਟ ਏਡ ਕਿੱਟ ਤੇ ਰਜਿਸਟਰੇਸ਼ਨ-ਆਰ ਸੀ. ਵਗੈਰਾ ਪੇਪਰ ਰਖਵਾਉਣਾ ਯਕੀਨੀ ਬਣਾਉਣ।