ਅਫਸਰਾਂ ਨੇ ਕੋਰੋਨਾ ਪੀੜਤ ‘ਆਸ਼ਾ’ ਵਰਕਰਾਂ ਨੂੰ ਡਿਊਟੀ ਦੇਣ ਲਈ ਕੀਤਾ ਮਜਬੂਰ
ਦੋਦਾ ਸਥਿਤ ਕਮਿਊਨਿਟੀ ਹੈਲਥ ਸੈਂਟਰ ਦੇ ਸੀਨੀਅਰ ਮੈਡੀਕਲ ਅਫਸਰ (SMO) ਡਾ. ਰਮੇਸ਼ ਕੁਮਾਰੀ ਕੰਬੋਜ ਨੇ ਕਬੂਲਿਆ ਸਾਡੇ ਬਹੁਤ ਸਾਰੇ ਮੁਲਾਜ਼ਮ ਪੌਜ਼ੇਟਿਵ ਪਾਏ ਗਏ ਹਨ।
ਸ੍ਰੀ ਮੁਕਤਸਰ ਸਾਹਿਬ: ਕੋਵਿਡ ਪ੍ਰੋਟੋਕੋਲਜ਼ ਦੀ ਗੰਭੀਰ ਉਲੰਘਣਾ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੱਲ੍ਹ ਕੋਰੋਨਾਵਾਇਰਸ ਦੀ ਲਾਗ ਤੋਂ ਪੀੜਤ ਤਿੰਨ ‘ਆਸ਼ਾ’ ਵਰਕਰਾਂ ਨੂੰ ਜ਼ਬਰਦਸਤੀ ਡਿਊਟੀ ’ਤੇ ਆਉਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਦੀ ਡਿਊਟੀ ਗਿੱਦੜਬਾਹਾ ਦੇ ਪਿੰਡ ਭੂੰਦੜ ਦੇ ਰੋਗੀਆਂ ਨੂੰ ‘ਫ਼ਤਿਹ’ ਕਿੱਟਸ ਵੰਡਣ ਵਿੱਚ ਮਦਦ ਕਰਨ ਵਾਸਤੇ ਲਾਈ ਗਈ ਹੈ। ਇਸ ਪਿੰਡ ਵਿੱਚ ਕੋਵਿਡ-19 ਦੇ 190 ਮਰੀਜ਼ ਹਨ; ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ।
ਦੋਦਾ ਸਥਿਤ ਕਮਿਊਨਿਟੀ ਹੈਲਥ ਸੈਂਟਰ ਦੇ ਸੀਨੀਅਰ ਮੈਡੀਕਲ ਅਫਸਰ (SMO) ਡਾ. ਰਮੇਸ਼ ਕੁਮਾਰੀ ਕੰਬੋਜ ਨੇ ਕਬੂਲਿਆ ਸਾਡੇ ਬਹੁਤ ਸਾਰੇ ਮੁਲਾਜ਼ਮ ਪੌਜ਼ੇਟਿਵ ਪਾਏ ਗਏ ਹਨ। ਅਸੀਂ ਅਜਿਹੇ ਤਿੰਨ ਪੌਜ਼ੇਟਿਵ ਆਸ਼ਾ ਵਰਕਰਜ਼ ਨੂੰ ਹੋਰ ਸਟਾਫ਼ ਮੈਂਬਰਾਂ ਦੀ ਮਦਦ ਲਈ ਸੱਦਿਆ ਸੀ। ਉਨ੍ਹਾਂ ਨੇ 38 ਪਰਿਵਾਰਾਂ ਨੂੰ ਕਿੱਟਸ ਸੌਂਪੀਆਂ ਹਨ। ਸਾਨੂੰ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਜਾਣਕਾਰੀ ਹੈ ਪਰ ਸਾਡੇ ਕੋਲ ਇਨ੍ਹਾਂ ਪੌਜ਼ੇਟਿਵ ਵਰਕਰਜ਼ ਨੂੰ ਡਿਊਟੀ ’ਤੇ ਸੱਦਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਬਾਕੀ ਨਹੀਂ ਸੀ ਰਿਹਾ।
ਸੂਤਰਾਂ ਅਨੁਸਾਰ ਇਹ ‘ਆਸ਼ਾ’ ਵਰਕਰਜ਼ 16 ਮਈ ਨੂੰ ਪੌਜ਼ੇਟਿਵ ਪਾਈਆਂ ਗਈਆਂ ਸਨ। ਪੀੜਤ ਵਰਕਰਜ਼ ਨੇ ਕਿਹਾ ਕਿ ਇਹ ਗੱਲ ਬਹੁਤ ਸਦਮਾ ਪਹੁੰਚਾਉਣ ਵਾਲੀ ਸੀ ਕਿ ਪੌਜ਼ੇਟਿਵ ਪਾਏ ਜਾਣ ਦੇ ਦੋ ਦਿਨਾਂ ਬਾਅਦ ਹੀ ਉਨ੍ਹਾਂ ਨੂੰ ਜ਼ਬਰਦਸਤੀ ਡਿਊਟੀ ਉੱਤੇ ਹਾਜ਼ਰ ਹੋਣ ਲਈ ਕਿਹਾ ਗਿਆ। ਅਜਿਹੇ ਸਬੰਧਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਹਾਲਾਤ ਇਸ ਵੇਲੇ ਕਾਬੂ ਹੇਠ ਹਨ। ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਦੌਰਾਨ ਪਿੰਡ ਭੂੰਦੜ ’ਚ 14 ਵਿਅਕਤੀ ਪੌਜ਼ੇਟਿਵ ਪਾਏ ਗਏ ਹਨ। ਅਸੀਂ ਉੱਥੇ 10 ਬਿਸਤਰਿਆਂ ਵਾਲਾ ਏਕਾਂਤਵਾਸ ਕੇਂਦਰ ਬਣਾਇਆ ਹੈ ਪਰ ਇਸ ਵੇਲੇ ਉੱਥੇ ਕੋਈ ਨਹੀਂ। ਉੱਥੇ ਸਿਰਫ਼ ਦੋ ਮਰੀਜ਼ਾਂ ਨੂੰ ਮੈਡੀਕਲ ਸਹਾਇਤਾ ਲੋੜੀਂਦੀ ਹੈ। ਉਨ੍ਹਾਂ ਵਿੱਚੋਂ ਇੱਕ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਪਰ ਦੂਜੇ ਮਰੀਜ਼ ਨੇ ਹਪਸਤਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਬਠਿੰਡਾ ਏਮਜ਼ 'ਚ ਬਚੀ ਸਿਰਫ ਇੱਕ ਦਿਨ ਦੀ ਆਕਸਜੀਨ, 702 ਮਰੀਜ਼ ਗੰਭੀਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin